ਗਤੀਸ਼ਕਤੀ ਭਾਰਤ ਦੇ ਬੁਨਿਆਦੀ ਢਾਂਚੇ ’ਚ ਇਨਕਲਾਬੀ ਬਦਲਾਅ ਦੀ ਪਹਿਲ: ਮੋਦੀ
ਨਵੀਂ ਦਿੱਲੀ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਭਾਰਤ ਦੇ ਬੁਨਿਆਦੀ ਢਾਂਚੇ ’ਚ ਇਨਕਲਾਬੀ ਬਦਲਾਅ ਲਿਆਉਣ ਦੇ ਉਦੇਸ਼ ਨਾਲ ਇਕ ਅਹਿਮ ਪਹਿਲ ਵਜੋਂ ਉਭਰਿਆ ਹੈ ਅਤੇ ਇਸ ਨਾਲ ਵੱਖ ਵੱਖ ਖੇਤਰਾਂ ’ਚ ਤੇਜ਼ ਅਤੇ ਵਧੇਰੇ ਅਸਰਦਾਰ ਵਿਕਾਸ ਹੋਇਆ ਹੈ। ਪਲਾਨ ਵੱਖ ਵੱਖ ਆਰਥਿਕ ਖੇਤਰਾਂ ਨੂੰ ਮਲਟੀ-ਮਾਡਲ ਕੁਨੈਕਟੀਵਿਟੀ ਉਪਲੱਬਧ ਕਰਾਉਣ ਲਈ ਅੱਜ ਦੇ ਹੀ ਦਿਨ 2021 ’ਚ ਲਾਗੂ ਕੀਤਾ ਗਿਆ ਸੀ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਵੱਖ ਵੱਖ ਧਿਰਾਂ ਨੂੰ ਇਕਜੁੱਟ ਕਰਕੇ ਲੌਜਿਸਟਿਕਸ ਨੂੰ ਹੱਲਾਸ਼ੇਰੀ ਮਿਲੀ, ਦੇਰੀ ਘੱਟ ਹੋਈ ਅਤੇ ਕਈ ਲੋਕਾਂ ਲਈ ਨਵੇਂ ਮੌਕੇ ਪੈਦਾ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਤੀਸ਼ਕਤੀ ਕਾਰਨ ਮੁਲਕ ਵਿਕਸਤ ਭਾਰਤ ਦੇ ਸਪਨੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਪੋਸਟ ’ਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੂੰ ਵੀ ਟੈਗ ਕੀਤਾ ਹੈ। ਗੋਇਲ ਨੇ ਇਸ ਪਹਿਲ ਦੇ ਤਿੰਨ ਸਾਲ ਪੂਰੇ ਹੋਣ ’ਤੇ ਇਸ ਦੀ ਸ਼ਲਾਘਾ ਕੀਤੀ। ਗੋਇਲ ਨੇ ਕਿਹਾ ਕਿ ਲੌਜਿਸਟਿਕਸ ਨੂੰ ਤਰਕਸੰਗਤ ਬਣਾ ਕੇ ਅਤੇ ਕੁਨੈਕਟੀਵਿਟੀ ਨੂੰ ਅੱਗੇ ਵਧਾ ਕੇ ਇਹ ਪਹਿਲ ਦੇਸ਼ ਨੂੰ ਤਰੱਕੀ ਵੱਲ ਲਿਜਾਏਗੀ। ਉਨ੍ਹਾਂ ਕਿਹਾ ਕਿ ਇਹ ਆਧੁਨਿਕ, ਆਪਸ ’ਚ ਜੁੜੇ ਬੁਨਿਆਦੀ ਢਾਂਚੇ ਦੇ ਨੈੱਟਵਰਕ ਨੂੰ ਵਿਕਸਤ ਕਰਨ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੇ ਨਜ਼ਰੀਏ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। -ਪੀਟੀਆਈ