ਪੰਜਾਬ ਦੇ ਸੇਵਕਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼: ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਲੁਧਿਆਣਾ ਦੌਰੇ ਦੌਰਾਨ ਮਰਹੂਮ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਪਰਵਿਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ‘ਪੰਜਾਬ ਦੇ ਸੇਵਕਾਂ’ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਸਰਾਭਾ ਨਗਰ ਸਥਿਤ ਸੁਰਿੰਦਰ ਛਿੰਦਾ ਦੇ ਘਰ ਪੁੱਜੇ ਅਤੇ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਤੇ ਦੋਵਾਂ ਬੇਟਿਆਂ ਨਾਲ ਦੁੱਖ ਸਾਂਝਾ ਵੰਡਾਇਆ। ਇਸ ਦੌਰਾਨ ਉਨ੍ਹਾਂ ਨੇ ਪਰਵਿਾਰ ਨਾਲ ਕਾਫ਼ੀ ਸਮਾਂ ਗੱਲ ਕੀਤੀ ਤੇ ਸੁਰਿੰਦਰ ਛਿੰਦਾ ਨਾਲ ਬਿਤਾਏ ਪੁਰਾਣੇ ਪਲਾਂ ਨੂੰ ਯਾਦ ਕੀਤਾ। ਮੁੱਖ ਮੰਤਰੀ ਮਾਨ ਨੇ ਇਹ ਵੀ ਆਖਿਆ ਕਿ ਜੇਕਰ ਪਰਵਿਾਰ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ, ਲੋੜ ਅਨੁਸਾਰ ਪੂਰੀ ਮਦਦ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਇਲਾਜ ਲਈ ਡੀਐੱਮਸੀ ਹਸਪਤਾਲ ਦਾ 16 ਲੱਖ ਦਾ ਬਿੱਲ ਬਣਿਆ ਸੀ। ਸਰਕਾਰ ਨੇ ਉਸ ਨੂੰ 8 ਲੱਖ ਦਾ ਕਰਵਾਇਆ। ਮੁੱਖ ਮੰਤਰੀ ਮਾਨ ਨੇ ਕਿਹਾ, ‘‘ਇਹ ਕੋਈ ਅਹਿਸਾਨ ਨਹੀਂ ਹੈ, ਸਾਡਾ ਫਰਜ਼ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇ।’’ ਪਰਵਿਾਰ ਦੇ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਛਿੰਦ ਨੇ ਉਨ੍ਹਾਂ ਨਾਲ ਕਾਫ਼ੀ ਸਟੇਜਾਂ ਸਾਂਝੀਆਂ ਕੀਤੀਆਂ ਹਨ।
ਸਨਅਤਕਾਰ ਰਜਿੰਦਰ ਗੁਪਤਾ ਨਾਲ ਦੁੱਖ ਸਾਂਝਾ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਈਡੈਂਟ ਗਰੁੱਪ ਦੇ ਮਾਲਕ ਤੇ ਸਨਅਤਕਾਰ ਰਜਿੰਦਰ ਗੁਪਤਾ ਨਾਲ ਦੁੱਖ ਸਾਂਝਾ ਕੀਤਾ। ਉਹ ਸਨਅਤਕਾਰ ਗੁਪਤਾ ਦੇ ਘਰ ਉਨ੍ਹਾਂ ਦੀ ਮਾਂ ਦੇਹਾਂਤ ਮਗਰੋਂ ਅਫ਼ਸੋਸ ਕਰਨ ਲਈ ਪੁੱਜੇ। ਇੱਥੇ ਉਨ੍ਹਾਂ ਨੇ ਸਨਅਤਕਾਰ ਦੇ ਪੂਰੇ ਪਰਵਿਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ।