DUSU poll: ਦਿੱਲੀ ਯੂਨੀਵਰਸਿਟੀ ਚੋਣਾਂ: ਐੱਨਐੱਸਯੂਆਈ ਦੀ ਸੱਤ ਸਾਲਾਂ ਬਾਅਦ ਵਾਪਸੀ; ਪ੍ਰਧਾਨ ਦੀ ਚੋਣ ਜਿੱਤੀ
ਨਵੀਂ ਦਿੱਲੀ, 25 ਨਵੰਬਰ
ਕਾਂਗਰਸ ਪਾਰਟੀ ਦੀ ਵਿਦਿਆਰਥੀ ਇਕਾਈ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ’ (ਐੱਨਐੱਸਯੂਆਈ) ਨੇ ਦਿੱਲੀ ਵਿਸ਼ਵ ਵਿਦਿਆਲਿਆ ਵਿਦਿਆਰਥੀ ਯੂਨੀਅਨ (ਡੁਸੂ) ਵਿੱਚ ਸੱਤ ਸਾਲ ਬਾਅਦ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਹੈ। ਐੱਨਐੱਸਯੂਆਈ ਦੇ ਰੌਣਕ ਖੱਤਰੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਸਬੰਧਤ ਰਿਸ਼ਭ ਚੌਧਰੀ ਨੂੰ 1300 ਤੋਂ ਵੱਧ ਵੋਟਾਂ ਨਾਲ ਹਰਾਇਆ। ਖੱਤਰੀ ਨੂੰ 20,207 ਵੋਟਾਂ ਮਿਲੀਆਂ ਜਦੋਕਿ ਚੌਧਰੀ ਨੂੰ 18,864 ਵੋਟਾਂ ਮਿਲੀਆਂ। ਐੱਨਐੱਸਯੂਆਈ ਨੇ ਦੋ ਮੁੱਖ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਏਬੀਵੀਪੀ ਨੇ ਉਪ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ।
ਏਬੀਵੀਪੀ ਦੇ ਉਪ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਭਾਨੂੰ ਪ੍ਰਤਾਪ ਸਿੰਘ ਨੂੰ 24,166 ਵੋਟਾਂ ਮਿਲੀਆਂ ਜਦੋਂਕਿ ਐੱਨਐੱਸਯੂਆਈ ਦੇ ਯਸ਼ ਨਾਂਦਲ ਨੂੰ 15,404 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਮਿਤਵਿੰਦਾ ਕਰਨਵਾਲ ਨੇ 16,703 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਐੱਨਐੱਸਯੂਆਈ ਦੀ ਨਮਰਤਾ ਜੈਫ਼ ਮੀਨਾ ਨੂੰ ਹਰਾਇਆ। -ਪੀਟੀਆਈ