‘ਸਿਟੀ ਬਿਊਟੀਫੁੱਲ’ ਵਿੱਚ 54 ਥਾਵਾਂ ’ਤੇ ਮਨਾਇਆ ਜਾਵੇਗਾ ਦਸਹਿਰਾ
ਮੁਕੇਸ਼ ਕੁਮਾਰ
ਚੰਡੀਗੜ੍ਹ, 10 ਅਕਤੂਬਰ
‘ਸਿਟੀ ਬਿਊਟੀਫੁੱਲ’ ਚੰਡੀਗੜ੍ਹ ਵਿੱਚ 12 ਅਕਤੂਬਰ ਨੂੰ ਦਸਹਿਰਾ ਮਨਾਇਆ ਜਾ ਰਿਹਾ ਹੈ ਅਤੇ ‘ਬਦੀ ’ਤੇ ਨੇਕੀ’ ਦੀ ਜਿੱਤ ਦਾ ਪ੍ਰਤੀਕ ਰਾਵਣ ਸਮੇਤ ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਿਆ ਜਾਵੇਗਾ। ਸ਼ਹਿਰ ਵਿੱਚ ਦਸਹਿਰੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ 54 ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ। ਮੁੱਖ ਤੌਰ ’ਤੇ ਸੈਕਟਰ-46 ਸਹਿਤ ਸੈਕਟਰ-17 ਪਰੇਡ ਗਰਾਊਂਡ, ਸੈਕਟਰ 43, 41, 42, 37, 30, 7, 22, 20, 29, 34, ਰਾਮ ਦਰਬਾਰ, ਡੱਡੂ ਮਾਜਰਾ, ਧਨਾਸ ਅਤੇ ਬਾਪੂ ਧਾਮ ਸਮੇਤ ਸ਼ਹਿਰ ਵਿੱਚ ਹੋਰ ਕਈ ਥਾਵਾਂ ’ਤੇ ਪੁਤਲੇ ਫੂਕੇ ਜਾਣਗੇ। ਉਧਰ ਦੂਜੇ ਪਾਸੇ ਬੀਤੀ ਦੇਰ ਰਾਤ ਇਥੇ ਸੈਕਟਰ-46 ਦੇ ਦਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਆਤਿਸ਼ਬਾਜ਼ੀ ਵਾਲੇ ਰਾਕੇਟ ਨਾਲ ਸਾੜਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸੈਕਟਰ-46 ਦੀ ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਵਲੋਂ ਦਸਹਿਰਾ ਗਰਾਊਂਡ ਵਿਖੇ ਆਪਣੇ ਤੌਰ ’ਤੇ ਵੀ ਦਿਨ ਰਾਤ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਲਗਪਗ ਦਸ ਵਜੇ ਪੰਜ ਅਣਪਛਾਤੇ ਨੌਜਵਾਨਾਂ ਨੇ ਆਤਿਸ਼ਬਾਜ਼ੀ ਵਾਲੇ ਦੋ ਰਾਕੇਟ ਪੁਤਲਿਆਂ ਵੱਲ ਛੱਡ ਕੇ ਪੁਤਲਿਆਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਕਮੇਟੀ ਨੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਸੀ। ਕਮੇਟੀ ਨੇ ਅੱਜ ਇਥੇ ਗਰਾਊਂਡ ਵਿੱਚ ਪੁਤਲਿਆਂ ਦੀ ਸੁਰੱਖਿਆ ਲਈ ਛੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ। ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਫ਼ਤ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਬੀਤੀ ਰਾਤ ਦੀ ਘਟਨਾ ਨੂੰ ਲੈ ਕੇ ਇਥੇ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਵੀ ਇਸੇ ਤਰ੍ਹਾਂ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਕਾਰ ਸਵਾਰਾਂ ਆਤਿਸ਼ਬਾਜ਼ੀ ਦੀ ਰਾਕੇਟ ਪੁਤਲਿਆਂ ਵੱਲ ਛੱਡ ਕੇ ਪੁਤਲਿਆਂ ਨੂੰ ਸਾੜਨ ਨਿੰਦਣਯੋਗ ਹਰਕਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਹਤ ਰਹਿਣ ਦੀ ਲੋੜ ਹੈ। ਦੂਜੇ ਪਾਸੇ ਹਿੰਦੂ ਪਰਵ ਮਹਾਸਭਾ ਚੰਡੀਗੜ੍ਹ ਨੇ ਬੀਤੇ ਦਿਨ ਦੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਮਹਾਸਭਾ ਦੇ ਪ੍ਰਧਾਨ ਬੀਪੀ ਅਰੋੜਾ ਨੇ ਮੰਗ ਕੀਤੀ ਕਿ ਅਜਿਹੀ ਘਟੀਆ ਕਰਤੂਤ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਬਰਾੜਾ ਵਿਚ ਫੂਕਿਆ ਜਾਵੇਗਾ 111 ਫੁੱਟ ਉੱਚਾ ਰਾਵਣ
ਅੰਬਾਲਾ (ਰਤਨ ਸਿੰਘ ਢਿੱਲੋਂ): ਬਰਾੜਾ ਕਸਬੇ ਵਿੱਚ ਇਸ ਵਾਰ ਵੀ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਰਾਵਣ ਦਾ 111 ਫੁੱਟ ਉੱਚਾ ਪੁਤਲਾ ਫੂਕਿਆ ਜਾਵੇਗਾ ਜਿਸ ਵਿੱਚ ਈਕੋ ਫਰੈਂਡਲੀ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਜਾਵੇਗੀ। ਆਗਰਾ ਤੋਂ ਆਏ ਕਾਰੀਗਰ ਪਿਛਲੇ ਕਈ ਦਿਨਾਂ ਤੋਂ ਰਾਵਣ ਦਾ ਪੁਤਲਾ ਬਣਾਉਣ ਵਿੱਚ ਲੱਗੇ ਹੋਏ ਹਨ। ਦਸਹਿਰਾ ਕਮੇਟੀ ਦੇ ਪ੍ਰਧਾਨ ਵਿਕਰਮ ਰਾਣਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰਾਵਣ ਦਾ ਪੁਤਲਾ ਬਣਾਉਣ ਵਿੱਚ ਦੋ ਮਹੀਨੇ ਲੱਗ ਗਏ ਹਨ ਅਤੇ ਇਸ ਲਈ 25 ਕਾਰੀਗਰ ਦਿਨ-ਰਾਤ ਕੰਮ ਕਰ ਰਹੇ ਹਨ। ਇਕੱਲਾ ਰਾਵਣ ਦਾ ਪੁਤਲਾ ਬਣਾਉਣ ’ਤੇ ਅੱਠ ਲੱਖ ਰੁਪਏ ਲੱਗ ਰਹੇ ਹਨ। ਇਸ ਵਾਰ ਈਕੋ ਫਰੈਂਡਲੀ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਰਿਮੋਟ ਕੰਟਰੋਲ ਨਾਲ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਪੁਤਲਾ ਬਣਾ ਰਹੇ ਅਸਗਰ ਅਲੀ ਨਾਂ ਦੇ ਕਾਰੀਗਰ ਨੇ ਦੱਸਿਆ ਕਿ ਉਹ ਆਗਰਾ ਦਾ ਰਹਿਣ ਵਾਲਾ ਹੈ ਅਤੇ ਸਿਵਲ ਇੰਜਨੀਅਰ ਹੈ, ਉਸ ਦਾ ਬੇਟਾ ਵੀ ਸਾਫਟਵੇਅਰ ਇੰਜਨੀਅਰ ਹੈ।