ਦਿੱਲੀ-ਐੱਨਸੀਆਰ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਸਣੇ ਐੱਨਸੀਆਰ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿੱਚ ਕਈ ਥਾਂਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਰਾਮ ਲੀਲਾ ਕਮੇਟੀਆਂ ਵੱਲੋਂ ਅੱਗ ਲਾਈ ਗਈ। ਇਸ ਤਰ੍ਹਾਂ ਦਸ ਦਿਨਾਂ ਤੋਂ ਚੱਲ ਰਹੀਆਂ ਰਾਮ ਲੀਲਾਵਾਂ ਦੀ ਸਮਾਪਤੀ ਦੇ ਆਖ਼ਰੀ ਦ੍ਰਿਸ਼ ਪੂਰਨ ਹੋ ਗਏ।
ਦਿੱਲੀ ਦੇ ਦਵਾਰਕਾ ਸੈਕਟਰ 10 ਵਿੱਚ ਰਾਵਣ ਦਾ 211 ਫੁੱਟ ਉੱਚਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਇੱਥੇ ਭਾਰਤ ਵਿੱਚ ਸਭ ਤੋਂ ਉੱਚਾ ਰਾਵਣ ਹੋਣ ਦਾ ਦਾਅਵਾ ਕੀਤਾ ਗਿਆ। 40 ਤੋਂ ਵੱਧ ਕਾਰੀਗਰਾਂ ਨੇ ਲਗਪਗ ਚਾਰ ਮਹੀਨਿਆਂ ਵਿੱਚ ਵਾਤਾਵਰਨ-ਅਨੁਕੂਲ ਢਾਂਚਾ ਲਗਪਗ 30 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਸੀ।
ਦਵਾਰਕਾ ਸ੍ਰੀ ਰਾਮ ਲੀਲਾ ਸੁਸਾਇਟੀ ਦੇ ਮੁਖੀ ਰਾਜੇਸ਼ ਗਹਿਲੋਤ ਨੇ ਦੱਸਿਆ ਕਿ ਇਸ ਰਾਵਣ ਦੇ ਪੁਤਲੇ ਨੂੰ ਬਣਾਉਣ ਵਿੱਚ ਲਗਪਗ 4 ਮਹੀਨੇ ਲੱਗ ਗਏ। ਇਸ ’ਤੇ ਲਗਭਗ 30 ਲੱਖ ਰੁਪਏ ਖਰਚ ਆਏ। ਲਾਲ ਕਿਲ੍ਹੇ ਦੇ ਸਾਹਮਣੇ ਅਤੇ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਵੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਗਏ। ਹਾਲਾਂਕਿ ਇਨ੍ਹਾਂ ਵਿੱਚ ਪਟਾਕੇ ਨਹੀਂ ਭਰੇ ਗਏ ਸਨ ਪਰ ਫਿਰ ਦਿੱਲੀ ਵਿੱਚ ਚੋਰੀ ਛੁਪੇ ਬਾਰੂਦ ਵਾਲੇ ਪਟਾਕੇ ਚੱਲਦੇ ਰਹੇ।
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਦੇ ਇਲਾਕਿਆਂ ਵਿੱਚ ਵੀ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਵੀ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋਈ। ਫਰੀਦਾਬਾਦ ਵਿੱਚ ਦਸਹਿਰਾ ਮੈਦਾਨ, ਬੱਲਭਗੜ੍ਹ, ਸੈਕਟਰ -16 ਅਤੇ ਨਹਿਰ ਪਾਰ ਦੇ ਇਲਾਕੇ ਵਿੱਚ ਦਸਹਿਰਾ ਮਨਾਇਆ ਗਿਆ। ਦਸਹਿਰੇ ਦੇ ਜਸ਼ਨਾਂ ਵਿੱਚ ਭਾਜਪਾ ਆਗੂਆਂ ਦਾ ਬੋਲਬਾਲਾ ਰਿਹਾ ਅਤੇ ਜੇਤੂ ਵਿਧਾਇਕਾਂ ਨੇ ਆਪਣੇ ਸਮਰਥਕਾਂ ਸਣੇ ਇਨ੍ਹਾਂ ਜਸ਼ਨਾਂ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁਹੱਲਿਆਂ ਵਿੱਚ ਵੀ ਦਸਹਿਰੇ ਮੌਕੇ ਬੱਚਿਆਂ ਨੇ ਰਾਵਣ ਦੇ ਪੁਤਲੇ ਫੂਕੇ। ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਪਲਵਲ, ਸੋਹਣਾ ਵਿੱਚ ਵੀ ਸਥਾਨਕ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਈ ਥਾਈਂ ਝਾਕੀਆਂ ਵੀ ਕੱਢੀਆਂ ਗਈਆਂ।
ਭਾਜਪਾ ਆਗੂਆਂ ਨੇ ਦਸਹਿਰੇ ਦੇ ਸਮਾਗਮਾਂ ਵਿੱਚ ਭਰੀ ਹਾਜ਼ਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੇ ਨਾਲ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ, ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਨੇਤਾਵਾਂ ਨੇ ਦਿੱਲੀ ਦੀਆਂ ਵੱਖ-ਵੱਖ ਸ੍ਰੀ ਰਾਮਲੀਲਾ ਕਮੇਟੀਆਂ ਵੱਲੋਂ ਆਯੋਜਿਤ ਦਸਹਿਰਾ ਸਮਾਰੋਹਾਂ ਵਿੱਚ ਹਿੱਸਾ ਲਿਆ। ਸਚਦੇਵਾ ਦਿੱਲੀ ਦੀ ਸਭ ਤੋਂ ਪੁਰਾਣੀ ਰਾਮਲੀਲਾਵਾਂ ਵਿੱਚੋਂ ਇੱਕ ਸ੍ਰੀ ਧਾਰਮਿਕ ਲੀਲਾ ਕਮੇਟੀ ਦੇ ਪੰਡਾਲ ਵਿੱਚ ਰਾਮਲੀਲਾ ਦੇਖਣ ਗਏ ਅਤੇ ਉੱਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਆਈਪੀ ਵਿਸਤਾਰ ਵਿੱਚ ਲਵਕੁਸ਼ ਰਾਮਲੀਲਾ ਵਿੱਚ ਲੋਕ ਸਭਾ ਮੈਂਬਰ ਮਨੋਜ ਤਿਵਾੜੀ, ਵਸੰਤ ਕੁੰਜ ਵਿੱਚ ਲੋਕ ਸਭਾ ਮੈਂਬਰ ਰਾਮਵੀਰ ਸਿੰਘ ਬਿਧੂੜੀ, ਕਰੋਲ ਬਾਗ ਵਿੱਚ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ, ਲਾਲ ਕਿਲੇ ਵਿੱਚ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ, ਪੰਜਾਬੀ ਬਾਗ ਵਿੱਚ ਸ੍ਰੀਮਤੀ ਕਮਲਜੀਤ ਸਹਿਰਾਵਤ ਅਤੇ ਗੌਤਮ ਨਗਰ ਵਿੱਚ ਬਾਂਸੂਰੀ ਸਵਰਾਜ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਰੋਹਿਣੀ ਵਿੱਚ ਦਸਹਿਰੇ ਦੇ ਸਮਾਗਮ ਵਿੱਚ ਸ਼ਾਮਲ ਹੋਏ।