For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਥਾਈਂ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ

06:41 AM Oct 13, 2024 IST
ਵੱਖ ਵੱਖ ਥਾਈਂ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ
ਮੁਹਾਲੀ ਵਿੱਚ ਦਸਹਿਰੇ ਮੌਕੇ ਸੜਦਾ ਹੋਇਆ ਰਾਵਣ ਦਾ ਪੁਤਲਾ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਅਕਤੂਬਰ
ਮੁਹਾਲੀ ਵਿੱਚ ਅੱਜ ਸੱਤ ਥਾਵਾਂ ’ਤੇ ਦਸਹਿਰਾ ਮਨਾਇਆ ਗਿਆ। ਐਤਕੀਂ ਸ਼ਹਿਰ ਵਿੱਚ ਦਸਹਿਰੇ ਸਬੰਧੀ ਦੋ ਪ੍ਰਮੁੱਖ ਸਮਾਗਮ ਹੋਏ। ਇੱਕ ਸਮਾਗਮ ਦੀ ਅਗਵਾਈ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਜਦੋਂਕਿ ਦੂਜਾ ਸਮਾਗਮ ਸੈਕਟਰ-77 ਵਿੱਚ ਮਧੂ ਭੂਸ਼ਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਨ੍ਹਾਂ ਦੋਵੇਂ ਥਾਵਾਂ ’ਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸੁਰੱਖਿਆ ਪ੍ਰਬੰਧਾਂ ਦਾ ਮੋਰਚਾ ਖ਼ੁਦ ਸੰਭਾਲਿਆ। ਮੁਹਾਲੀ ਕਲਾ, ਸਭਿਆਚਾਰ ਅਤੇ ਵੈੱਲਫੇਅਰ ਕਲੱਬ ਵੱਲੋਂ ਸੈਕਟਰ-79 ਸਥਿਤ ਐਮਿਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪਾਰਕ ਵਿੱਚ ਦਸਹਿਰਾ ਮਨਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਮੁਹਾਲੀ ਵਿੱਚ ਦਸਹਿਰਾ ਮਨਾਉਣ ਲਈ ਢੁਕਵੀਂ ਜ਼ਮੀਨ ਅਲਾਟ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਫੇਜ਼-8 ਵਿੱਚ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਸੈਕਟਰ-77 ਵਿੱਚ 47ਵਾਂ ਦਸਹਿਰਾ ਮਨਾਇਆ ਗਿਆ। ਪ੍ਰਧਾਨ ਮਧੂ ਭੂਸ਼ਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿੰਦਰਾ ਅੇਂਡ ਮਹਿੰਦਰਾ ਸਵਰਾਜ ਟਰੈਕਟਰ ਦੇ ਸੀਈਓ ਹਰੀਸ਼ ਚੌਹਾਨ ਵੀ ਸ਼ਾਮਲ ਹੋਏ। ਇਸੇ ਦੌਰਾਨ ਬਲੌਂਗੀ ’ਚ ਵੀ ਦਸਹਿਰਾ ਮਨਾਇਆ ਗਿਆ। ਸ੍ਰੀ ਰਾਮ ਲੀਲ੍ਹਾ ਅਤੇ ਦਸਹਿਰਾ ਕਮੇਟੀ ਮਟੌਰ ਦੇ ਚੇਅਰਮੈਨ ਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਸੈਕਟਰ-70 ਵਿੱਚ ਅਮਰ ਹਸਪਤਾਲ ਦੇ ਪਿੱਛੇ ਮੈਦਾਨ ਵਿੱਚ ਦਸਹਿਰਾ ਮਨਾਇਆ ਗਿਆ ਹੈ। ਇਸ ਵਿੱਚ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਸਨ। ਉਨ੍ਹਾਂ ਦਸਹਿਰਾ ਕਮੇਟੀ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਿਸਾਨ ਆਗੂ ਤੇਜਿੰਦਰ ਸਿੰਘ ਪੂਨੀਆ, ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸੁਨੀਲ ਬਾਂਸਲ, ਅਸ਼ੋਕ ਗੋਇਲ ਅਤੇ ਰਵਿੰਦਰ ਗੋਇਲ ਨੇ ਵੀ ਹਾਜ਼ਰੀ ਭਰੀ। ਇਸੇ ਤਰ੍ਹਾਂ ਅੰਕੁਸ਼ ਕਲੱਬ ਵੱਲੋਂ ਫੇਜ਼-1 ਵਿੱਚ ਦਸਹਿਰਾ ਮਨਾਇਆ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਐਡਵੇਕੋਟ ਮਨਪ੍ਰੀਤ ਸਿੰਘ ਚਾਹਲ ਵਿਸ਼ੇਸ਼ ਮਹਿਮਾਨ ਸਨ। ਵੇਵ ਐਸਟੇਟ ਸੈਕਟਰ-85 ਅਤੇ ਐੱਮਆਰ ਐੱਮਜੀਐੱਫ਼ ਸੈਕਟਰ-105 ਵਿੱਚ ਵੀ ਦਸਹਿਰਾ ਮਨਾਇਆ ਗਿਆ।

Advertisement

ਕੁਰਾਲੀ ਵਿੱਚ ਸੜਦੇ ਹੋਏ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ। -ਫੋਟੋ: ਮਿਹਰ ਸਿੰਘ

ਕੁਰਾਲੀ (ਪੱਤਰ ਪ੍ਰੇਰਕ): ਕੁਰਾਲੀ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਦਸਹਿਰਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਮੁੱਖ ਸਮਾਗਮ ਅੱਜ ਸਥਾਨਕ ਦਸਹਿਰਾ ਮੈਦਾਨ ਵਿੱਚ ਕਰਵਾਇਆ ਗਿਆ। ਸਥਾਨਕ ਦਸਹਿਰਾ ਮੇਲਾ ਕਮੇਟੀ ਅਤੇ ਰਾਮ ਲੀਲ੍ਹਾ ਕਮੇਟੀ ਵਲੋਂ ਸਮੂਹ ਸ਼ਹਿਰੀਆਂ ਦੇ ਸਹਿਯੋਗ ਅਤੇ ਸਥਾਨਕ ਪ੍ਰਾਚੀਨ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਸਰਪ੍ਰਸਤੀ ਹੇਠ ਇਹ ਸਮਾਗਮ ਕਰਵਾਇਆ ਗਿਆ। ਮੇਲਾ ਮੈਦਾਨ ਕਮੇਟੀ ਵੱਲੋਂ ਦਸਹਿਰਾ ਮੈਦਾਨ ਵਿੱਚ ਬਾਬਾ ਧਨਰਾਜ ਗਿਰ ਜੀ ਨੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਲਗਾਈ। ਕੁਰਾਲੀ ਦੇ ਦਸਹਿਰਾ ਸਮਾਗਮ ਵਿੱਚ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਪਰਿਵਾਰ ਸਣੇ ਸ਼ਿਰਕਤ ਕੀਤੀ। ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਡਾ. ਅਸ਼ਵਨੀ ਸ਼ਰਮਾ, ਨੰਦੀ ਪਾਲ ਬਾਂਸਲ, ਬਲਵਿੰਦਰ ਸਿੰਘ ਝਿੰਗੜਾਂ, ਕੌਂਸਲਰ ਖੁਸ਼ਬੀਰ ਸਿੰਘ ਹੈਪੀ, ਹੈਪੀ ਵਰਮਾ ਆਦਿ ਆਗੂ ਹਾਜ਼ਰ ਸਨ। ਇਸੇ ਦੌਰਾਨ ਨੇੜਲੇ ਪਿੰਡ ਖਿਜ਼ਰਾਬਾਦ ਵਿੱਚ ਵੀ ਦਸਹਿਰਾ ਮਨਾਇਆ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪਿੰਡ ਮੁੱਲਾਂਪੁਰ ਗਰੀਬਦਾਸ ਤੇ ਨਵਾਂ ਗਾਉਂ ਵਿੱਚ ਅੱਜ ਦਸਹਿਰਾ ਸ਼ਰਧਾ ਨਾਲ ਮਨਾਇਆ ਗਿਆ। ਰਾਮ ਲੀਲ੍ਹਾ ਕਮੇਟੀਆਂ ਅਤੇ ਕਲੱਬਾਂ ਵੱਲੋਂ ਦਿਨ ਛਿਪਣ ਵੇਲੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਦਸਹਿਰੇ ਦੀਆਂ ਝਾਕੀਆਂ ਦੇਖਣ ਲਈ ਪਹੁੰਚੇ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ ਸਣੇ ‘ਆਪ’ , ਭਾਜਪਾ, ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਦੇ ਵਰਕਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਲਾਲੜੂ (ਪੱਤਰ ਪ੍ਰੇਰਕ): ਲਾਲੜੂ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਪਹੁੰਚੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਿੱਥੇ ਭਗਵਾਨ ਸ੍ਰੀ ਰਾਮ ਦੀ ਆਰਤੀ ਕਰ ਕੇ ਆਸ਼ੀਰਵਾਦ ਲਿਆ, ਉੱਥੇ ਪ੍ਰਬੰਧਕਾਂ ਵੱਲੋਂ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਦੇ ਕਿਰਦਾਰਾਂ ਤੋਂ ਸਿੱਖ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ। ਸ੍ਰੀ ਰਾਮ ਆਪਸੀ ਸਦਭਾਵਨਾ ਅਤੇ ਭਾਈਚਾਰੇ ਦਾ ਪ੍ਰਤੀਕ ਹਨ।’’ ਇਸ ਮੌਕੇ ਇੱਕ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਗਈ। ਸਮਾਜ ਸੇਵੀ ਆਗੂਆਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਸ਼ੰਕਰ ਡਰਾਮਾਟਿਕ ਕਲੱਬ, ਰਾਮਲੀਲ੍ਹਾ ਕਮੇਟੀ ਖਮਾਣੋਂ ਅਤੇ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਨੂੰ ਦਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਰਾਵਣ ਦੇ ਪੁਤਲੇ ਨੂੰ ਸ਼ਾਮ 6.15 ਵਜੇ ਅਗਨ ਭੇਟ ਕੀਤਾ ਗਿਆ।
ਘਨੌਲੀ (ਪੱਤਰ ਪ੍ਰੇਰਕ): ਇੱਥੇ ਦਸਮੇਸ਼ ਨਗਰ ਕਲੋਨੀ ਦੇ ਵਸਨੀਕਾਂ ਵੱਲੋਂ ਦਸਹਿਰੇ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸ਼ਿਵ ਸੈਨਾ ਆਗੂ ਸਚਿਨ ਘਨੌਲੀ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਘਨੌਲੀ ਤੋਂ ਸਰਪੰਚੀ ਦੇ ਉਮੀਦਵਾਰ ਕੁਲਦੀਪ ਸਿੰਘ ਘਨੌਲੀ, ਦਸਮੇਸ਼ ਨਗਰ ਕਲੋਨੀ ਘਨੌਲੀ ਤੋਂ ਸਰਪੰਚੀ ਦੇ ਉਮੀਦਵਾਰ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਸਣੇ ਹੋਰ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਸ਼ਿਰਕਤ ਕੀਤੀ।
ਮੋਰਿੰਡਾ (ਪੱਤਰ ਪ੍ਰੇਰਕ): ਇੱਥੇ ਸ੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਵਿਜੇ ਕੁਮਾਰ ਟਿੰਕੂ ਦੀ ਅਗਵਾਈ ਹੇਠ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਜੇ ਕੁਮਾਰ ਟਿੰਕੂ ਅਤੇ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਰਾਕੇਸ਼ ਕੁਮਾਰ ਬੱਗਾ ਵੱਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ। ਟੂਰਨਾਮੈਂਟ ਕਮੇਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ 70 ਕਿੱਲੋ ਭਾਰ ਵਰਗ ਵਿੱਚ ਪਿੰਡ ਦੁਮਣਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਸ਼ਮਸ਼ਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਮਾਮੂਪੁਰ ਦੀ ਟੀਮ ਨੇ ਪਹਿਲਾ ਅਤੇ ਪਿੰਡ ਸ਼ਮਸ਼ਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਮਨਜੀਤ ਸਿੰਘ ਨੂੰ ਬੈਸਟ ਜਾਫੀ ਅਤੇ ਦੁੱਲੇ ਨੂੰ ਬੈਸਟ ਰੇਡਰ ਐਲਾਨਿਆ ਗਿਆ। ਜੇਤੂ ਟੀਮਾਂ ਨੂੰ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਟਿੰਕੂ ਤੇ ਸਾਥੀਆਂ ਨੇ ਯਾਦਗਾਰੀ ਚਿੰਨ੍ਹ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਅਮਲੋਹ (ਪੱਤਰ ਪ੍ਰੇਰਕ): ਲਾਲਾ ਫੂਲ ਚੰਦ ਸਰਵਹਿੱਤਕਾਰੀ ਸਕੂਲ ਅਮਲੋਹ ਵਿੱਚ ਦਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਮਨੈਜਰ ਰਾਕੇਸ਼ ਕੁਮਾਰ ਗਰਗ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਬੁਰਾਈ ’ਤੇ ਚੰਗਿਆਈ ਦੀ ਜਿੱਤ ਹੈ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀ, ਅਧਿਆਪਕ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਐੱਸਆਰਐੱਨ ਸਪੈਸ਼ਲ ਸਕੂਲ ਇਕੋਲਾਹਾ ਵਿੱਚ ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਬਚਿਆਂ ਦੇ ਮਾਪਿਆਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸ਼੍ਰੋਮਣੀ ਅਤੇ ਸੀਨੀਅਰ ਪੱਤਰਕਾਰ ਭੂਸ਼ਨ ਸੂਦ ਨੇ ਮੁੱਖ ਮਹਿਮਾਨ ਜਦਕਿ ਮੁਕੇਸ਼ ਖੰਨਾ ਤੇ ਅੰਜਨਾ ਖੰਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।
ਬਨੂੜ (ਪੱਤਰ ਪ੍ਰੇਰਕ): ਬਨੂੜ ਖੇਤਰ ਵਿੱਚ ਅੱਜ ਦਸਹਿਰੇ ਦਾ ਤਿਉਹਾਰ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਰਾਮ ਲੀਲ੍ਹਾ ਦੀ ਸਮਾਪਤੀ ਮਗਰੋਂ ਅੱਜ ਬਾਅਦ ਦੁਪਹਿਰ ਦਸਹਿਰੇ ਦਾ ਸਮਾਰੋਹ ਹੋਇਆ। ਇਸ ਮੌਕੇ ਵੱਡੀ ਗਿਣਤੀ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ।

Advertisement

ਬਰਾੜਾ ਵਿੱਚ 120 ਫੁੱਟ ਉੱਚਾ ਰਾਵਣ ਦਾ ਪੁਤਲਾ ਸਾੜਿਆ

ਬਰਾੜਾ ਵਿੱਚ ਰਾਵਣ ਦਾ ਪੁਤਲਾ ਸੜਦਾ ਦੇਖਦੇ ਹੋਏ ਲੋਕ। -ਫ਼ੋਟੋ: ਢਿੱਲੋਂ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇਸ ਵਾਰ ਜਗ੍ਹਾ ਦੀ ਘਾਟ ਕਰ ਕੇ ਬਰਾੜਾ ਦੀ ਦਸਹਿਰਾ ਕਮੇਟੀ ਵੱਲੋਂ 120 ਫੁੱਟ ਉੱਚਾ ਰਾਵਣ ਦਾ ਪੁਤਲਾ ਸਾੜਿਆ ਗਿਆ। ਜਿੱਥੇ ਪਹਿਲਾਂ ਲੋਹੇ ਦੀ ਗਰਿੱਲ ਲਗਾ ਕੇ ਰਾਵਣ ਦੀ ਉਚਾਈ ਵਧਾਈ ਜਾਂਦੀ ਸੀ, ਉੱਥੇ ਇਸ ਵਾਰ ਸਿਰਫ਼ ਬਾਂਸਾਂ ਦੇ ਸਹਾਰੇ 120 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਾਇਆ ਗਿਆ। ਪੁਤਲੇ ਨੂੰ ਬਣਾਉਣ ਲਈ ਕਈ ਟਨ ਬਾਂਸ ਵਰਤਿਆ ਗਿਆ ਅਤੇ ਡਿਜ਼ਾਈਨ ਲਈ ਕੱਪੜੇ ਦੀ ਵਰਤੋਂ ਕੀਤੀ ਗਈ। ਇਸ ਪੁਤਲੇ ਨੂੰ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਸੱਦੇ ਮੁਸਲਮਾਨ ਕਾਰੀਗਰਾਂ ਨੇ ਕਈ ਹਫ਼ਤੇ ਲਾ ਕੇ ਤਿਆਰ ਕੀਤਾ ਸੀ। ਰਿਮੋਟ ਕੰਟਰੋਲ ਨਾਲ ਜਦੋਂ ਇਸ ਪੁਤਲੇ ਨੂੰ ਅੱਗ ਲਾਈ ਗਈ ਤਾਂ ਇਸ ਦੇ ਮੂੰਹ ਵਿੱਚੋਂ ਕੁਰਲਾਹਟ ਵੀ ਸੁਣਾਈ ਦਿੱਤੀ ਅਤੇ ਖ਼ੂਬ ਰੋਸ਼ਨੀ ਹੋਈ। ਇਸ ਮੌਕੇ ਈਕੋ ਫਰੈਂਡਲੀ ਆਤਿਸ਼ਬਾਜ਼ੀ ਕੀਤੀ ਗਈ। ਰਾਵਣ ਫੂਕਣ ਦੀ ਰਸਮ ਸਮਾਜ ਸੇਵੀ ਰਜਤ ਮਲਿਕ ਨੇ ਅਦਾ ਕੀਤੀ। ਜ਼ਿਕਰਯੋਗ ਹੈ ਕਿ ਬਰਾੜਾ ਦਾ ਦਸਹਿਰਾ ਸੂਬੇ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਪ੍ਰਸਿੱਧ ਹੈ ਕਿਉਂ ਕਿ ਇੱਥੇ ਸਭ ਤੋਂ ਉੱਚੇ ਰਾਵਣ ਕਾਇਮ ਕਰਨ ਦਾ ਰਿਕਾਰਡ ਹੈ ਜੋ ਕਿ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਹੈ। ਮੂਰਤੀਕਾਰ ਅਤੇ ਸਮਾਜ ਸੇਵੀ ਤਜਿੰਦਰ ਚੌਹਾਨ ਕਈ ਵੱਡੇ ਰਾਵਣ ਬਣਾ ਕੇ ਰਿਕਾਰਡ ਕਾਇਮ ਕਰ ਚੁੱਕੇ ਹਨ।

Advertisement
Author Image

Advertisement