ਚਮਕੌਰ ਸਾਹਿਬ ਵਿਖੇ ਦਸਹਿਰੇ ਦਾ ਜੋੜ ਮੇਲ ਨਗਰ ਕੀਰਤਨ ਨਾਲ ਸਮਾਪਤ
ਸੰਜੀਵ ਬੱਬੀ
ਚਮਕੌਰ ਸਾਹਿਬ, 12 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਅਦ ਦੁਪਹਿਰ ਸਜਾਏ ਗਏ ਨਗਰ ਕੀਰਤਨ ਨਾਲ ਇੱਥੇ ਚੱਲ ਰਿਹਾ ਦਸਹਿਰੇ ਦਾ ਜੋੜ ਮੇਲ ਅਮਨ- ਅਮਾਨ ਨਾਲ ਸਮਾਪਤ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਸਜਾਏ ਗਏ ਇਸ ਨਗਰ ਕੀਰਤਨ ਦੇ ਸ਼ੁਰੂਆਤ ਦੀ ਅਰਦਾਸ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ਦੇ ਅੱਗੇ ਸੁੰਦਰ ਬਾਣੇ ਵਿੱਚ ਸਜੇ ਮੀਰੀ-ਪੀਰੀ ਖਾਲਸਾ ਗਤਕਾ ਦਲ ਚਮਕੌਰ ਸਾਹਿਬ ਦੀ ਪਾਰਟੀ ਨੇ ਗਤਕੇ ਦੇ ਜੌਹਰ ਦਿਖਾਏ। ਉਨ੍ਹਾਂ ਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਸ਼ੋਭਿਤ ਸੁੰਦਰ ਪਾਲਕੀ ਅਤੇ ਵੱਖ-ਵੱਖ ਧਾਰਮਿਕ ਕੀਰਤਨੀ ਜਥਿਆਂ ਸਣੇ ਪਿੰਡਾਂ ਦੀਆਂ ਕਈ ਧਾਰਮਿਕ ਸੁਸਾਇਟੀਆਂ ਦੇ ਮੈਂਬਰ ਵੀ ਕੀਰਤਨ ਕਰਦੇ ਹੋਏ ਚੱਲ ਰਹੇ ਸਨ। ਚਮਕੌਰ ਸਾਹਿਬ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਦਸਹਿਰਾ ਖਾਲਸਾ ਦਰਬਾਰ ਵਿੱਚ ਨਤਮਸਤਕ ਹੋਣ ਆਈ ਸੰਗਤ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੇੜੇ ਸੜਕ ’ਤੇ ਥਾਣੇ ਸਾਹਮਣੇ ਖੜ੍ਹੇ ਟਿੱਪਰਾਂ ਕਾਰਨ ਬੇਹੱਦ ਪ੍ਰੇਸ਼ਾਨ ਹੁੰਦੀ ਰਹੀ। ਜ਼ਿਕਰਯੋਗ ਹੈ ਕਿ ਥਾਣੇ ਅੱਗੇ ਮਾਈਨਿੰਗ ਅਧੀਨ ਜ਼ਬਤ ਕੀਤੇ ਟਿੱਪਰਾਂ ਕਾਰਨ ਕਾਫੀ ਦਿੱਕਤ ਹੋਈ ਕਿਉਂਕਿ ਦੋਵੇਂ ਪਾਸੇ ਖੜ੍ਹੇ ਟਿੱਪਰਾਂ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਮੈਨੇਜਰ ਭਾਈ ਗੁਰਮੁੱਖ ਸਿੰਘ, ਜੁਗਰਾਜ ਸਿੰਘ ਮਾਨਖੇੜੀ, ਬਲਦੇਵ ਸਿੰਘ ਹਾਫਿਜ਼ਾਬਾਦ, ਜਗਪਾਲ ਸਿੰਘ ਜੌਲੀ, ਜਗਵਿੰਦਰ ਸਿੰਘ ਪੰਮੀ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਭਾਈ ਪਰਮਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।
ਚਮਕੌਰ ਸਾਹਿਬ ਦੀ ਧਰਤੀ ਤੋਂ ਜ਼ੁਲਮ ਤੇ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਮਿਲਦੀ ਹੈ: ਗਿਆਨੀ ਸੁਲਤਾਨ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਹਿਰੇ ਮੌਕੇ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਤੋਂ ਸਿੱਖਾਂ ਨੂੰ ਜ਼ੁਲਮ ਤੇ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ 40 ਸਿੰਘਾਂ ਨਾਲ 10 ਲੱਖ ਤੋਂ ਵੱਧ ਮੁਗਲ ਫੌਜ ਨਾਲ ਟਾਕਰਾ ਕਰ ਕੇ ਆਪਣੇ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਸਣੇ 40 ਸਿੰਘਾਂ ਦੀ ਸ਼ਹਾਦਤ ਦੇ ਕੇ ਜ਼ੁਲਮ ਕਰ ਰਹੀ ਮੁਗਲ ਸਰਕਾਰ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਕਿ ਸਿੱਖ ਪੰਥ ਕਿਸੇ ਵੀ ਹਕੂਮਤ ਦਾ ਜਬਰ ਅਤੇ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ ਅਤੇ ਜਦੋਂ ਵੀ ਕੋਈ ਹਕੂਮਤ ਕਿਸੇ ਵੀ ਨਿਰਦੋਸ਼ ਵਿਅਕਤੀ ਵਿਰੁੱਧ ਜ਼ੁਲਮ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਖਾਲਸਾ ਪੰਥ ਹਮੇਸ਼ਾ ਉਸ ਦਾ ਡੱਟ ਕੇ ਮੁਕਾਬਲਾ ਕਰੇਗਾ। ਸਿੰਘ ਸਾਹਿਬ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਅੰਮ੍ਰਿਤ ਪਾਨ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਅਮਨਦੀਪ ਸਿੰਘ ਮਾਂਗਟ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਗੁਰਮੁੱਖ ਸਿੰਘ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾਆਦਿ ਹਾਜ਼ਰ ਸਨ । ਇਸੇ ਦੌਰਾਨ ਪੰਥ ਅਕਾਲੀ ਬੁੱਢਾ ਦਲ ਵਲੋਂ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਦੀ ਅਗਵਾਈ ਹੇਠ ਮਹੱਲਾ ਕੱਢਿਆ ਗਿਆ।