ਬਠਿੰਡਾ ’ਚ ਉਤਸ਼ਾਹ ਨਾਲ ਮਨਾਇਆ ਦਸਹਿਰਾ
ਮਨੋਜ ਸ਼ਰਮਾ
ਬਠਿੰਡਾ, 12 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਮਾਲਵੇ ਖੇਤਰ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਬਠਿੰਡਾ ਸ਼ਹਿਰ ਵਿੱਚ ਅੱਜ ਪੰਜ ਪ੍ਰਮੁੱਖ ਥਾਵਾਂ ’ਤੇ ਰਾਵਣ ਦਹਿਨ ਕੀਤਾ ਗਿਆ। ਦਸਹਿਰਾ ਦੇਖਣ ਲਈ ਸ਼ਹਿਰ ਵਿੱਚ ਵੱਡੀ ਗਿਣਤੀ ਲ਼ੋਕ ਪੁੱਜੇ। ਬਠਿੰਡਾ ਸ਼ਹਿਰ ਦਾ ਪ੍ਰਮੁੱਖ ਦਸਹਿਰਾ ਸ਼ਹਿਰ ਵਿਚਲੇ ਹਨੂੰਮਾਨ ਚੌਕ ਵਿੱਚ ਸਥਿਤ ਐੱਮਐੱਸਡੀ ਸਕੂਲ ਦੇ ਲਾਰਡ ਰਾਮਾ ਗਰਾਊਂਡ ਵਿੱਚ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਗੁਰਬੀਰ ਸਿੰਘ ਪੁੱਜੇ ਜਿਨ੍ਹਾਂ ਨੂੰ ਐਡਵੋਕੇਟ ਰਾਜਨ ਗਰਗ ਅਤੇ ਸਮੁੱਚੀ ਟੀਮ ਵੱਲੋਂ ਦਸਹਿਰਾ ਗਰਾਊਂਡ ਵਿੱਚ ਸਤਿਕਾਰ ਨਾਲ ਲਿਜਾਇਆ ਗਿਆ। ਇਸ ਮੌਕੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਐਡਵੋਕੇਟ ਰਾਜਨ ਗਰਗ ਸਮੇਤ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਮੌਜੂਦ ਰਹੇ। ਇਸ ਮੌਕੇ ਜਸਟਿਸ ਗੁਰਬੀਰ ਸਿੰਘ, ਐੱਸਐੱਸਪੀ ਅਮਨੀਤ ਕੌਂਡਲ ਅਤੇ ਰਾਜਨ ਗਰਗ ਵੱਲੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ। ਦਸਹਿਰੇ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ਵਿੱਚ ਜ਼ਿਆਦਾ ਉਤਸ਼ਾਹ ਵੇਖਣ ਲਈ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਸਜੇ ਹੋਏ ਸਨ। ਬਠਿੰਡਾ-ਗੋਨਿਆਣੇ ਰੋਡ ਅਤੇ ਬਠਿੰਡਾ-ਬੀਬੀ ਵਾਲਾ ਰੋਡ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਇਸ ਤੋਂ ਇਲਾਵਾ ਦਸਹਿਰਾ ਰੇਲਵੇ ਗਰਾਊਡ, ਐੱਨਐੱਫਐੱਲ ਬਠਿੰਡਾ ਆਦਿ ਵਿੱਚ ਮਨਾਇਆ ਗਿਆ। ਹਲਕਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬਠਿੰਡਾ ਦੇ ਥਰਮਲ ਕਲੋਨੀ, ਐੱਸਐੱਸਡੀ ਕਾਲਜ ਵਿੱਚ ਸਮੂਲੀਅਤ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਅਤੇ ਇਲਾਕੇ ਦੇ ਪਿੰਡਾਂ ’ਚ ਦਸਹਿਰੇ ਦਾ ਤਿਊਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸਿਰਸਾ (ਪ੍ਰਭੂ ਦਿਆਲ): ਇਥੋਂ ਦੇ ਮਹਾਰਾਜਾ ਅਗਰਸੈਨ ਗਰਲਜ਼ ਸਕੂਲ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਸਿਰਸਾ ਦੀ ਤਰਫੋਂ ਵਿਜੈਦਸਮੀ ਦਾ ਤਿਉਹਾਰ ਮਨਾਇਆ ਗਿਆ। ਆਰਐੱਸਐੱਸ ਦੇ ਵਾਲੰਟੀਅਰਾਂ ਨੇ ਸ਼ਹਿਰ ’ਚ ਮਾਰਚ ਕੱਢਿਆ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗ ਇੰਦਰੇਸ਼ ਕੁਮਾਰ ਸਨ ਜਦੋਂਕਿ ਮੁੱਖ ਮਹਿਮਾਨ ਵਜੋਂ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਲਖਵੀਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਸਤਰ ਪੂਜਾ ਨਾਲ ਹਇਆ।
ਦਸਹਿਰੇ ਮੌਕੇ ਪਰਵਾਸੀ ਮਜ਼ਦੂਰਾਂ ਦੇ ਚਾਅ ਰਹੇ ਅਧੂਰੇ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਇਸ ਵਾਰ ਨਰਮੇ ਹੇਠਲ ਘਟੇ ਰਕਬੇ ਨੇ ਪਰਵਾਸੀ ਮਜ਼ਦੂਰਾਂ ਦੇ ਦਸਹਿਰੇ ਵਾਲੇ ਚਾਅ ਫਿੱਕੇ ਕਰ ਦਿੱਤੇ ਹਨ। ਚਿੱਟੇ ਸੋਨੇ ਨੂੰ ਪਹਿਲਾਂ ਗੁਲਾਬੀ ਸੁੰਡੀ-ਚਿੱਟੀ ਮੱਖੀ ਦੇ ਹਮਲੇ ਨੇ ਚੱਟ ਦਿੱਤਾ ਅਤੇ ਮਗਰੋਂ ਝੁਲਸ ਰੋਗ ਨੇ ਧੂੰਆਂ ਕੱਢ ਦਿੱਤਾ ਜਿਸ ਕਰਕੇ ਮਜ਼ਦੂਰਾਂ ਦੇ ਨਰਮਾ ਚੁਗਣ ਵਾਲੇ ਚਾਅ ਵੀ ਨਾਲ ਹੀ ਮਧੋਲ ਧਰੇ ਹਨ। ਪਰਵਾਸੀ ਮਜ਼ਦੂਰ ਪਹਿਲਾਂ ਦਸਹਿਰੇ ਵਾਲੇ ਦਿਨ ਚਾਵਾਂ ਨਾਲ ਸਾਰਾ-ਸਾਰਾ ਦਿਨ ਨਰਮਾ ਚੁਗਦੇ ਸਨ ਪਰ ਇਸ ਵਾਰ ਗੁਲਾਬੀ ਸੁੰਡੀ-ਚਿੱਟੀ ਮੱਖੀ ਦੇ ਡੰਗਾਂ ਦੇ ਨਾਲ ਇਨ੍ਹਾਂ ਮਜ਼ਦੂਰ ਪਰਿਵਾਰਾਂ ਦੀ ਝੋਲੀ ਮਸਾਂ ਭਰਦੀ ਹੈ। ਉਂਝ, ਹਰ ਸਾਲ ਇਨ੍ਹਾਂ ਪਰਵਾਸੀ ਮਜ਼ਦੂਰਾਂ ਲਈ ਦਸਹਿਰੇ ਦੇ ਕੌਮੀ ਤਿਉਹਾਰ ਵਾਲੇ ਕੋਈ ਅਰਥ ਨਹੀਂ ਰਹਿ ਜਾਂਦੇ ਹਨ। ਉਹ ਸਿਰਫ਼ ਨਰਮੇ ਦੇ ਫੁੱਟ ਹੀ ਜਾਣਦੇ ਹਨ, ਉਨ੍ਹਾਂ ਨੂੰ ਬਦੀ ’ਤੇ ਨੇਕੀ ਦੀ ਜਿੱਤ ਵਿਚਲੇ ਮਾਮਲੇ ਦੀ ਮਰਿਯਾਦਾ ਦਾ ਨਹੀਂ ਪਤਾ ਹੈ। ਇਸ ਵਾਰ ਭਾਵੇਂ ਮਾਲਵਾ ਪੱਟੀ ਵਿਚ ਅਜਿਹੇ ਪਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੈ, ਪਰ ਫਿਰ ਵੀ ਜਿਹੜੇ ਪ੍ਰਵਾਸੀ ਐਂਤਕੀ ਨਰਮਾ ਚੁਗਣ ਆਏ ਹਨ, ਉਨ੍ਹਾਂ ਇਹ ਤਿਉਹਾਰ ਕਿਸਾਨਾਂ ਦੇ ਖੇਤਾਂ ਵਿੱਚ ਹੀ ਮਨਾਉਣਾ ਹੈ।