ਪੁਲੀਸ ਸ਼ਿਕਾਇਤ ਨਿਵਾਰਣ ਪੋਰਟਲ ’ਤੇ ਸਾਲ ਦੌਰਾਨ 2.20 ਲੱਖ ਸ਼ਿਕਾਇਤਾਂ ਮਿਲੀਆਂ
ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਪਬਲਿਕ ਗ੍ਰੀਵੈਂਸਿਸ ਡਵੀਜ਼ਨ) ਐਮ.ਐਫ. ਫਾਰੂਕੀ ਨੇ ਕਿਹਾ ਕਿ ਪੰਜਾਬ ਪੁਲਂਸ ਦੇ ਸ਼ਿਕਾਇਤ ਨਿਵਾਰਨ ਪੋਰਟਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸ ’ਤੇ 11 ਜੁਲਾਈ 2022 ਤੋਂ 12 ਜੁਲਾਈ 2023 ਤੱਕ 220223 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 151604 ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਮ.ਐਫ. ਫਾਰੂਕੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਸਾਫ਼ਟਵੇਅਰ ਹੈ ਜਿਸ ਵਲੋਂ ਬਿਨੈਪੱਤਰ ਨੂੰ ਟਰੈਕ ਕਰਨ, ਗੁਣਵੱਤਾ ਅਧਾਰਿਤ ਰਿਪੋਰਟ ਅਨੁਸਾਰ ਨਿਸ਼ਚਿਤ ਸਮੇਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਏ.ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ 220223 ਸ਼ਿਕਾਇਤਾਂ ਵਿਚੋਂ 78338 ਸ਼ਿਕਾਇਤਾਂ ਨੂੰ ਲੋਕਾਂ ਵਲੋਂ ਪੋਰਟਲ ’ਤੇ ਅਪਲੋਡ ਕੀਤਾ ਗਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਲੋਕ ਇਸ ਪੋਰਟਲ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ। ਉਨ੍ਹਾਂ ਦਸਿਆ ਕਿ ਆਪਣੇ ਕੰਮ ਪ੍ਰਤੀ ਅਣਗਹਿਲੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ 19 ਨੋਟਿਸ ਜਾਰੀ ਕਰਨ ਤੋਂ ਇਲਾਵਾ 45 ਵਿਭਾਗੀ ਇਨਕੁਆਰੀਆਂ ਕੀਤੀਆਂ ਜਾ ਰਹੀਆਂ ਹਨ।