ਕੇਂਦਰੀ ਜੇਲ੍ਹ ’ਚੋਂ ਤਲਾਸ਼ੀ ਦੌਰਾਨ 24 ਮੋਬਾਈਲ ਫੋਨ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਕਤੂਬਰ
ਇੱਥੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਮੁਹਿੰਮ ਦੌਰਾਨ 24 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਅਧਿਕਾਰੀਆ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੇ 5 ਸਮਾਰਟ ਫ਼ੋਨ ਅਤੇ 19 ਕੀਪੈਡ ਫ਼ੋਨਾਂ ਸਮੇਤ 24 ਮੋਬਾਈਲਾਂ ਤੋਂ ਇਲਾਵਾ 9 ਸਿਮ ਕਾਰਡ, ਦੋ ਚਾਰਜਰ, ਇੱਕ ਮੋਬਾਈਲ ਦੀ ਬੈਟਰੀ ਅਤੇ 76 ਬੀੜੀਆਂ ਦੇ ਬੰਡਲ ਵੀ ਜ਼ਬਤ ਕੀਤੇ ਹਨ, ਜੋ ਕਿ ਬਾਹਰੋਂ ਸੁੱਟੇ ਗਏ ਸਨ।
ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਸਲਾਮਾਬਾਦ ਥਾਣੇ ਦੀ ਪੁਲੀਸ ਨੇ ਜੇਲ੍ਹ ਦੇ ਅੱਠ ਕੈਦੀਆਂ ਫਿਲੌਰ ਦੇ ਦਿਗਵਿਜੇ ਸਿੰਘ, ਕਰਮਪੁਰਾ ਦੇ ਅਨਮੋਲ ਸਿੰਘ, ਨਰਿੰਦਰ ਸਿੰਘ ਰਮਦਾਸ, ਰਾਹੁਲ ਸਿੰਘ ਫਰੀਦਕੋਟ, ਸੁਖਮਨ ਸਿੰਘ ਪਿੰਡ ਫਤੇਗੜ੍ਹ ਚੂੜੀਆਂ, ਮਜੀਠਾ ਦੇ ਪਿੰਡ ਬੰਗਾਲੀ ਦੇ ਤੇਜਪਾਲ ਸਿੰਘ, ਕੋਟ ਈਸੇ ਖਾਂ ਦੇ ਸਰਵਣ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਜੇਲ ਐਕਟ ਦੀ ਧਾਰਾ 42, 52-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਪਾਬੰਦੀਸ਼ੁਦਾ ਸਮੱਗਰੀ ਨੂੰ ਜੇਲ ਦੇ ਅੰਦਰ ਕਿਵੇਂ ਲਿਆਉਣ ਵਿਚ ਕਾਮਯਾਬ ਹੋਏ।
ਹਵਾਲਾਤੀ ਕੋਲੋਂ ਮੋਬਾਈਲ ਫੋਨ ਬਰਾਮਦ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ਕਪੂਰਥਲਾ ’ਚੋਂ ਪੁਲੀਸ ਨੇ ਇੱਕ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਕਮਲਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਨੇ ਦੱਸਿਆ ਕਿ ਜੇਲ੍ਹ ’ਚ ਚੈਕਿੰਗ ਦੌਰਾਨ ਪੁਲੀਸ ਨੂੰ ਹਵਾਲਾਤੀ ਸੌਰਵ ਉਰਫ਼ ਗੋਰੀ ਪੁੱਤਰ ਵਿਜੈ ਕੁਮਾਰ ਵਾਸੀ ਰਿਹਾਣਾ ਜੱਟਾਂ ਪਾਸੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਅਧਿਕਾਰੀ ਮੁਤਾਬਕ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁੱਧ ਥਾਣਾ ਕੋਤਵਾਲੀ ਕਪੂਰਥਲਾ ’ਚ ਕੇਸ ਦਰਜ ਕਰ ਲਿਆ ਗਿਆ ਹੈ।