ਝਗੜੇ ਦੌਰਾਨ ਬਿਰਧ ਮਾਂ ’ਤੇ ਪੈਟਰੋਲ ਪਾ ਕੇ ਅੱਗ ਲਾਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੂਨ
ਇਥੇ ਥਾਣਾ ਮਹਿਣਾ ਅਧੀਨ ਪਿੰਡ ਕਪੂਰੇ ਵਿਚ ਦੋ ਭਰਾਵਾਂ ਦਰਮਿਆਨ ਮਕਾਨ ਦੀ ਵੰਡ ਤੋਂ ਹੋਏ ਘਰੇਲੂ ਝਗੜੇ ’ਚ ਬਿਰਧ ਮਾਂ ’ਤੇ ਪੈਟਰੋਲ ਸੁੱਟ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਰਧ ਔਰਤ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਥਾਣਾ ਮਹਿਣਾ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੰਪਰਕ ਕਰਨ ਉੱਤੇ ਘਟਨਾ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਦੋ ਭਰਾਵਾਂ ਦਾ ਆਪਸ ਵਿੱਚ ਸਾਂਝੇ ਮਕਾਨ ਵਿਚ ਕੰਧ ਕਰਨ ਦਾ ਝਗੜਾ ਸੀ। ਉਨ੍ਹਾਂ ਦੱਸਿਆ ਕਿ 112 ਹੈਲਪਲਾਈਨ ਉੱਤੇ ਇਸ ਬਾਬਤ ਸ਼ਿਕਾਇਤ ਮਿਲੀ ਸੀ ਤੇ ਪੁਲੀਸ ਨੇ ਮੌਕੇ ਉੱਤੇ ਪੁੱਜ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੂੰ ਹੁਣ ਇਸ ਘਟਨਾ ਬਾਰੇ ਸਿਵਲ ਹਸਪਤਾਲ ਵਿਚੋਂ ਸੂਚਨਾ ਮਿਲੀ ਹੈ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਗਰੀਬ ਪਰਿਵਾਰ ਹੈ ਅਤੇ ਦੋ ਭਰਾਵਾਂ ਵਿਚ ਆਪਣੀ 90 ਸਾਲ ਦੀ ਮਾਂ ਦੇ ਹਿੱਸੇ ਨੂੰ ਲੈ ਕੇ ਰੰਜਿਸ਼ ਚਲੀ ਆ ਰਹੀ ਸੀ। ਇਸ ਦੌਰਾਨ ਇੱਕ ਭਰਾ ਨੇ ਮਕਾਨ ਵਿੱਚ ਕੰਧ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਦੋਵਾਂ ਵਿਚੋਂ ਇੱਕ ਭਰਾ ਨੇ ਆਪਣੀ 90 ਸਾਲ ਦੀ ਬਿਰਧ ਮਾਂ ਉੱਤੇ ਪੈਟਰੇਲ ਛਿੜ ਕੇ ਅੱਗ ਲਗਾ ਦਿੱਤੀ ਅਤੇ ਉਸ ਦੇ ਕੱਪੜੇ ਸੜ ਗਏ ਅਤੇ ਪਿੱਠ ਝੁਲਸ ਗਈ। ਪੀੜਤ ਬਜ਼ੁਰਗ ਔਰਤ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲੀਸ ਅਧਿਕਾਰੀ ਨੇ ਆਖਿਆ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।