ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਵੱਲੋਂ ਖ਼ਰੀਦ ਦੌਰਾਨ ਹੀ ਸਵਾ ਤਿੰਨ ਸੌ ਮੰਡੀਆਂ ਬੰਦ

06:34 AM Nov 11, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 10 ਨਵੰਬਰ
ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਦੇ ਦੌਰਾਨ ਹੀ ਸੂਬੇ ਵਿਚਲੇ ਕਰੀਬ ਸਵਾ ਤਿੰਨ ਸੌ ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ। ਬੇਸ਼ੱਕ ਐਤਕੀਂ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਸੀ ਪਰ ਮੰਡੀਆਂ ਵਿਚ ਫ਼ਸਲ ਅੱਧ ਨਵੰਬਰ ਮਗਰੋਂ ਹੀ ਆਉਣੀ ਸ਼ੁਰੂ ਹੋਈ ਸੀ। ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਨੂੰ ਲੈ ਕੇ ਵੱਡੇ ਅੜਿੱਕੇ ਵੀ ਇਸ ਵਾਰ ਬਣੇ ਰਹੇ। ਪੰਜਾਬ ਮੰਡੀ ਬੋਰਡ ਨੇ ਅੱਜ 10 ਜ਼ਿਲ੍ਹਿਆਂ ਵਿਚ ਰੈਗੂਲਰ ਅਤੇ ਆਰਜ਼ੀ ਤੌਰ ’ਤੇ ਸਥਾਪਤ 326 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ।
ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ 9 ਨਵੰਬਰ ਨੂੰ ਪੰਜਾਬ ਮੰਡੀ ਬੋਰਡ ਨੂੰ ਪੱਤਰ ਨੰਬਰ 792302/2024/ਅ-1/1102 ਜਾਰੀ ਕਰਕੇ ਗਰੇਡ-ਏ ਦੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਪੱਤਰ ਵਿੱਚ ਸੂਬੇ ਦੇ 10 ਜ਼ਿਲ੍ਹਿਆਂ ਦੇ 326 ਖ਼ਰੀਦ ਕੇਂਦਰਾਂ ਨੂੰ ਬੰਦ ਕਰਕੇ 11 ਨਵੰਬਰ ਤੋਂ ਇਨ੍ਹਾਂ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੀ ਗੱਲ ਆਖੀ ਗਈ ਹੈ। ਅੱਜ ਮੰਡੀ ਬੋਰਡ ਨੇ ਸਬੰਧਿਤ ਜ਼ਿਲ੍ਹਿਆਂ ਦੇ ਖ਼ਰੀਦ ਕੇਂਦਰ ਡੀ-ਨੋਟੀਫਾਈ ਕਰ ਦਿੱਤੇ ਹਨ।
‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਪੱਤਰਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ 83 ਖ਼ਰੀਦ ਕੇਂਦਰ, ਫ਼ਾਜ਼ਿਲਕਾ ਦੇ 66 ਖ਼ਰੀਦ ਕੇਂਦਰ, ਜਲੰਧਰ ਦੇ 43 ਖ਼ਰੀਦ ਕੇਂਦਰ ਅੰਮ੍ਰਿਤਸਰ ਦੇ 41 ਖ਼ਰੀਦ ਕੇਂਦਰ, ਕਪੂਰਥਲਾ ਦੇ 30 ਖ਼ਰੀਦ ਕੇਂਦਰ, ਗੁਰਦਾਸਪੁਰ ਦੇ 20 ਖ਼ਰੀਦ ਕੇਂਦਰ, ਹੁਸ਼ਿਆਰਪੁਰ ਦੇ 12 ਕੇਂਦਰ, ਰੋਪੜ ਦੇ ਚਾਰ, ਤਰਨ ਤਾਰਨ ਦੇ 16 ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 11 ਖ਼ਰੀਦ ਕੇਂਦਰ ਬੰਦ ਕੀਤੇ ਗਏ ਹਨ। ਇਨ੍ਹਾਂ ਖ਼ਰੀਦ ਕੇਂਦਰਾਂ ਵਿਚ ਭਲਕ ਤੋਂ ਫ਼ਸਲ ਨਹੀਂ ਵਿਕ ਸਕੇਗੀ।
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਵੀ ਜਦੋਂ ਸਮੇਂ ਤੋਂ ਪਹਿਲਾਂ ਮੰਡੀਆਂ ਬੰਦ ਕਰ ਦਿੱਤੀਆਂ ਸਨ ਤਾਂ ਉਦੋਂ ਰੌਲਾ ਪੈ ਗਿਆ ਸੀ। ਇਸ ਵਾਰ ਖ਼ਰੀਦ ਲੇਟ ਸ਼ੁਰੂ ਹੋਈ ਹੈ ਅਤੇ ਅੜਿੱਕੇ ਵੀ ਕਿਸਾਨਾਂ ਨੂੰ ਝੱਲਣੇ ਪਏ ਹਨ ਜਿਸ ਕਰਕੇ ਮੰਡੀਆਂ ਦੇ ਐਤਕੀਂ ਲੇਟ ਬੰਦ ਹੋਣ ਦੀ ਸੰਭਾਵਨਾ ਸੀ ਪਰ ਪੰਜਾਬ ਸਰਕਾਰ ਨੇ ਖ਼ਰੀਦ ਕੇਂਦਰ ਬੰਦ ਕਰਨ ਵਿਚ ਕਾਹਲ ਦਿਖਾਈ ਹੈ। ਕਿਸਾਨਾਂ ਵਿੱਚ ਇਸ ਕਦਮ ਨੂੰ ਲੈ ਕੇ ਚਿੰਤਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਅੱਜ ਤੱਕ 138.84 ਲੱਖ ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 134.04 ਲੱਖ ਮੀਟ੍ਰਿਕ ਟਨ ਫ਼ਸਲ ਖਰੀਦੀ ਗਈ ਹੈ। ਪੰਜਾਬ ਸਰਕਾਰ ਨੇ ਐਤਕੀਂ 185 ਲੱਖ ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਅਤੇ ਮਿਥੇ ਟੀਚੇ ਦੇ ਮੁਕਾਬਲੇ ਹਾਲੇ ਮੰਡੀਆਂ ਵਿੱਚ 47 ਲੱਖ ਮੀਟ੍ਰਿਕ ਟਨ ਫ਼ਸਲ ਆਉਣੀ ਬਾਕੀ ਹੈ।

Advertisement

ਜਿਣਸ ਨਾ ਆਉਣ ਕਾਰਨ ਖਰੀਦ ਕੇਂਦਰ ਬੰਦ ਕੀਤੇ: ਕਟਾਰੂਚੱਕ

ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਫ਼ੋਨ ਚੁੱਕਿਆ ਨਹੀਂ। ਹਾਲਾਂਕਿ ਸਰਕਾਰੀ ਸੂਤਰ ਆਖਦੇ ਹਨ ਕਿ ਪੰਜਾਬ ਦੇ ਕੇਵਲ ਉਹੀ ਖ਼ਰੀਦ ਕੇਂਦਰ ਬੰਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਜਿਣਸ ਆਉਣੀ ਬੰਦ ਹੋ ਗਈ ਸੀ, ਜਿਨ੍ਹਾਂ ਕੇਂਦਰਾਂ ਵਿੱਚ ਫ਼ਸਲ ਆ ਰਹੀ ਹੈ, ਉਨ੍ਹਾਂ ਵਿੱਚ ਖ਼ਰੀਦ ਜਾਰੀ ਰਹੇਗੀ।

Advertisement
Advertisement