ਕੁਰਾਲੀ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਸੱਤ ਕਰੋੜ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ
ਮਿਹਰ ਸਿੰਘ
ਕੁਰਾਲੀ, 26 ਜੂਨ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਪ੍ਰਧਾਨਗੀ ਹੇਠ ਹੋਈ। ਕੌਂਸਲ ਦੀ ਇਸ ਮੀਟਿੰਗ ਵਿੱਚ ਹੋਰ ਅਨੇਕਾਂ ਮਤੇ ਪਾਸ ਕਰਨ ਤੋਂ ਇਲਾਵਾ ਸ਼ਹਿਰ ਦੇ ਕਰੀਬ 7 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਕੌਂਸਲ ਦੀ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੀ ਮੀਟਿੰਗ ਦੀ ਪੁਸ਼ਟੀ ਦਾ ਮਤਾ ਲਿਆਂਦਾ ਗਿਆ ਜਿਸ ‘ਤੇ ਕੌਂਸਲਰ ਬਹਾਦਰ ਸਿੰਘ ਓਕੇ ਤੇ ਕੁਝ ਹੋਰ ਕੌਂਸਲਰਾਂ ਨੇ ਇਤਰਾਜ਼ ਕਰਦਿਆਂ ਸ਼ਹਿਰ ਵਿੱਚ ਖਰਚੇ 16 ਕਰੋੜ ਰੁਪਏ ਦਾ ਹਿਸਾਬ ਮੀਟਿੰਗ ਵਿੱਚ ਰੱਖਣ ਦੀ ਮੰਗ ਕੀਤੀ ਅਤੇ ਉਦੋਂ ਤੱਕ ਪਿਛਲੀਆਂ ਮੀਟਿੰਗਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ।
ਇਸੇ ਦੌਰਾਨ ਸ਼ਹਿਰ ਵਾਸੀਆਂ ਦੀ ਲੋੜ ‘ਤੇ ਮੰਗ ਨੂੰ ਦੇਖਦਿਆਂ ਐਂਬੂਲੈਂਸ ਖ਼ਰੀਦਣ ਦਾ ਮਤਾ ਲਿਆਂਦਾ ਗਿਆ ਜਿਸ ‘ਤੇ ਐਂਬੂਲੈਂਸ ਦੇ ਨਾਲ ਹੀ ਇੱਕ ਹੋਰ ਫਿਊਨਲ ਵੈਨ ਖਰੀਦਣ ਅਤੇ ਫਿਊਨਲ ਵੈਨ ਦੀ ਸੇਵਾ ਮੁਫ਼ਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਕੌਂਸਲਰ ਭਾਵਨਾ ਸ਼ਰਮਾ ਨੇ ਚੰਡੀਗੜ੍ਹ ਰੋਡ ‘ਦੇ ਬਰਸਾਤੀ ਪਾਣੀ ਦੇ ਨਿਕਾਸੀ ਦਾ ਮਾਮਲਾ ਉਭਾਰਦਿਆਂ ਬੱਸ ਅੱਡੇ ਵਾਲੀ ਨਿਕਾਸੀ ਪੁਲੀ ਨੂੰ ਪੁੱਟ ਕੇ ਸਫਾਈ ਕਰਨ ਅਤੇ ਖੁਸ਼ਵੀਰ ਸਿੰਘ ਨੇ ਵਾਰਡ ਨੰਬਰ 12 ਵਿੱਚ ਪਾਣੀ ਵਾਲੀ ਕਿੱਲਤ ਨੂੰ ਦੇਖਦਿਆਂ ਪਹਿਲਾਂ ਹੀ ਪਾਸ ਕੀਤਾ ਟਿਊਬਵੈੱਲ ਲਗਾਏ ਜਾਣ ਦੀ ਮੰਗ ਰੱਖੀ। ਮੀਟਿੰਗ ਦੌਰਾਨ ਹੀ ਪਪਰਾਲੀ ਰੋਡ ‘ਤੇ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਕਿਸਾਨ ਦੀ ਫਸਲ ਦੇ ਹੋਏ ਨੁਕਸਾਨ ਦੀ ਪ੍ਰਤੀਪੂਰਤੀ ਲਈ ਤਿੰਨ ਲੱਖ ਰੁਪਏ ਦੀ ਅਦਾਇਗੀ ਨੂੰ ਵੀ ਹਾਊਸ ਨੇ ਪ੍ਰਵਾਨਗੀ ਦਿੱਤੀ।ਪਡਿਆਲਾ ਵਿਖੇ ਸਿੰਚਾਈ ਦਾ ਟਿਊਬਵੈੱਲ ਲਗਾਏ ਜਾਣ ਲਈ ਜਗ੍ਹਾ ਦੇਣ ਦੇ ਮਤੇ ਨੂੰ ਵੀ ਹਾਊਸ ਨੇ ਸਹਿਮਤੀ ਦਿੱਤੀ। ਮੀਟਿੰਗ ਦੌਰਾਨ ਕੌਂਸਲਰ ਬਹਾਦਰ ਸਿੰਘ ਓਕੇ ਨੇ ਨਿਕਾਸੀ ਨਾਲੀਆਂ ਬੰਦ ਕਰਨ,ਨਿਕਾਸੀ ਅਤੇ ਸੀਵਰ ਪਾਈਪ ਲਾਈਨ ਪਾਏ ਜਾਣ ਸ਼ਹਿਰ ਦੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਲਿਆਂਦੇ ਕਰੀਬ 50 ਕਰੀਬ ਤਖਮੀਨੇ ਇੱਕੋ ਜਿਹੇ ਹੋਣ ਕਾਰਨ ਇਸ ਕੰਮ ਨੂੰ ਵਾਰਡਾਂ ਵਿੱਚ ਨਾ ਵੰਡ ਕੇ ਸ਼ਹਿਰ ਪੱਧਰ ‘ਤੇ ਕਰਵਾਉਣ ਅਤੇ ਇਹ ਕੰਮ ਅਣਜਾਣ ਠੇਕੇਦਾਰਾਂ ਰਾਹੀਂ ਕਰਵਾਉਣ ਦੀ ਥਾਂ ਮਾਹਿਰ ਏਜੰਸੀ ਰਾਹੀਂ ਕਰਵਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਨਿਕਾਸੀ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕੇਗਾ।