ਤਿਉਹਾਰਾਂ ਦੌਰਾਨ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਚੜ੍ਹੇ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,14 ਅਕਤੂਬਰ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸਬਜ਼ੀ ਅਤੇ ਫਲ਼ਾਂ ਦੇ ਭਾਅ ’ਚ ਤੇਜ਼ੀ ਆਉਣ ਕਰਕੇ ਲੋਕਾਂ ਦੀ ਰਸੋਈ ਦਾ ਗਣਿਤ ਵਿਗੜਨ ਲੱਗਾ ਹੈ। ਖਾਸ ਕਰਕੇ ਧਣੀਆ, ਲਸਣ, ਸ਼ਿਮਲਾ ਮਿਰਚ, ਹਰੀ ਮਿਰਚ, ਨਿੰਬੂ, ਟਮਾਟਰ ਅਤੇ ਮਟਰ ਆਦਿ ਦਾ ਭਾਅ ਤਾਂ ਖਪਤਕਾਰਾਂ ਦੀ ਜੇਬ ’ਤੇ ਭਾਰੂ ਪੈ ਰਿਹਾ ਹੈ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਸਥਾਨਕ ਸਬਜ਼ੀ ਮੰਡੀ ’ਚ ਲਸਣ 300 ਰੁਪਏ, ਧਨੀਆ 400 ਰੁਪਏ , ਸ਼ਿਮਲਾ ਤੇ ਹਰੀ ਮਿਰਚ 150 ਰੁਪਏ, ਟਮਾਟਰ, ਮਟਰ ਤੇ ਅਦਰਕ 100 ਰੁਪਏ, ਨਿੰਬੂ 120 ਰੁਪਏ, ਗੋਭੀ ਤੇ ਅਰਬੀ 80 ਰੁਪਏ, ਮੂਲ਼ੀ ਤੇ ਪਿਆਜ਼ 60 ਰੁਪਏ, ਖੀਰਾ 50 ਰੁਪਏ, ਆਲੂ , ਪੇਠਾ ਤੇ ਕੱਦੂ 30 ਰੁਪਏ, ਭਿੰਡੀ ਤੇ ਬੈਂਗਣ 40 ਰੁਪਏ ਪ੍ਰਤੀ ਕਿੱਲੋ ਅਤੇ ਪਾਲਕ ਅਤੇ ਮੇਥੀ ਦੀ ਗੁੱਟੀ 30 ਰੁਪਏ ਪ੍ਰਤੀ ਦੇ ਹਿਸਾਬ ਨਾਲ ਵਿਕ ਰਹੀ ਹੈ। ਸਬਜ਼ੀਆਂ ਵਿੱਚ ਆਈ ਤੇਜ਼ੀ ਕਾਰਨ ਔਰਤਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸੇ ਤਰ੍ਹਾਂ ਹੀ ਫਲ਼ਾਂ ਦੇ ਭਾਅ ’ਚ ਤੇਜ਼ੀ ਆਈ ਹੈ।
ਨਰਾਤਿਆਂ ਤੋਂ ਸ਼ੁਰੂ ਹੋਈ ਤਿਉਹਾਰਾਂ ਦੀ ਆਮਦ ਦੇ ਮੱਦੇਨਜ਼ਰ ਬਾਜ਼ਾਰ ’ਚ ਫਲਾਂ ਦੀ ਮੰਗ ਵਧ ਗਈ ਹੈ, ਜਿਸ ਕਾਰਨ ਫਲਾਂ ਦੀਆਂ ਕੀਮਤਾਂ ਵਧ ਗਈਆਂ ਹਨ।
ਫਲ ਵਿਕਰੇਤਾ ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ ਇਸ ਵਕਤ ਮਾਲੇਰਕੋਟਲਾ ਸਬਜ਼ੀ ਮੰਡੀ ’ਚ ਅੰਗੂਰ 240 ਰੁਪਏ, ਆਲੂ ਬੁਖ਼ਾਰਾ 200 ਰੁਪਏ, ਅਨਾਰ 200 ਰੁਪਏ, ਅਮਰੂਦ 150 ਰੁਪਏ, ਸੇਬ 100 ਤੋਂ 150 ਰੁਪਏ, ਅਨਾਨਾਸ 100 ਰੁਪਏ, ਪਪੀਤਾ 60 ਰੁਪਏ , ਸੰਤਰਾ 70 ਰੁਪਏ, ਕੇਲਾ 30 ਰੁਪਏ ਪ੍ਰਤੀ ਕਿਲੋ, ਨਾਰੀਅਲ 70 ਰੁਪਏ ਪ੍ਰਤੀ ਨਗ ਅਤੇ ਕੀਵੀ 35 ਰੁਪਏ ਪ੍ਰਤੀ ਨਗ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਦੀਵਾਲੀ ਤੱਕ ਸਬਜ਼ੀਆਂ ਅਤੇ ਫਲ਼ਾਂ ਦੇ ਭਾਅ ’ਚ ਥੋੜ੍ਹੇ -ਬਹੁਤੇ ਫ਼ਰਕ ਨਾਲ ਤੇਜ਼ੀ ਹੀ ਰਹੇਗੀ। ਡੇਲੀ ਨੀਡਜ਼ ਦੇ ਰਿਸ਼ਭ ਜੈਨ ਨੇ ਦੱਸਿਆ ਕਿ ਆਟੇ ਅਤੇ ਰਿਫਾਇਨਡ ਤੇਲ ਦਾ ਭਾਅ ਵੀ ਵਧਿਆ ਹੈ।