ਸਾਈਕਲ ਰੈਲੀ ਦੌਰਾਨ ਅਦਾਕਾਰਾਂ ਨੇ ਹਰਿਆਲੀ ਵਧਾਉਣ ਦਾ ਸੁਨੇਹਾ ਦਿੱਤਾ
ਮੁੰਬਈ:
ਵਿਸ਼ਵ ਵਾਤਾਵਰਨ ਦਿਵਸ ਮੌਕੇ, ਅਦਾਕਾਰ ਤਾਹਾ ਸ਼ਾਹ ਬਾਦੂਸ਼ਾ, ਅਪਾਰਸ਼ਕਤੀ ਖੁਰਾਣਾ, ਸਨੀ ਕੌਸ਼ਲ, ਅਦਿੱਤਿਆ ਸੀਲ ਅਤੇ ਗਾਇਕ ਸਟੇਬਿਨ ਬੇਨ ਨੇ ਇੱਥੇ ਕਾਰਟਰ ਰੋਡ ਐਂਫੀਥੀਏਟਰ, ਬਾਂਦਰਾ, ਮੁੰਬਈ ਵਿੱਚ ਕਰਵਾਈ ‘ਗ੍ਰੀਨ ਰਾਈਡ ਸਾਈਕਲੋਥਨ’ ਵਿੱਚ ਹਿੱਸਾ ਲਿਆ। ਇਹ ਸਮਾਗਮ ਭਾਮਲਾ ਫਾਊਂਡੇਸ਼ਨ ਦੇ ਆਸਿਫ਼ ਭਾਮਲਾ ਅਤੇ ਸੇਹਰ ਭਾਮਲਾ ਵੱਲੋਂ ਕਰਵਾਇਆ ਗਿਆ ਸੀ। ਇਸ ਦੌਰਾਨ ਵੀਡੀਓਜ਼ ਵਿੱਚ ਕਈ ਮਸ਼ਹੂਰ ਹਸਤੀਆਂ ਸਾਈਕਲ ਚਲਾਉਂਦਿਆਂ ਹਰੇ ਅਤੇ ਸਾਫ਼ ਵਾਤਾਵਰਨ ਦਾ ਸੁਨੇਹਾ ਦਿੰਦੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਵੈੱਬ ਸੀਰੀਜ਼ ‘ਹੀਰਾਮੰਡੀ’ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਤਾਹਾ ਨੀਲੀ ਰੰਗ ਦੀ ਟੀ-ਸ਼ਰਟ ਅਤੇ ਗਰੇਅ ਰੰਗ ਦੇ ਜੌਗਰਜ਼ ’ਚ ਪੁੱਜੇ। ਇਸ ਦੌਰਾਨ ਅਪਾਰਸ਼ਕਤੀ ਨੇ ਕਾਲੀ ਟੀ-ਸ਼ਰਟ ਅਤੇ ਮੈਚਿੰਗ ਜੌਗਰਜ਼ ਪਾਈ ਹੋਈ ਸੀ। ਉਸ ਨੇ ਟੋਪੀ ਅਤੇ ਧੁੱਪ ਵਾਲੀ ਐਨਕ ਵੀ ਪਾਈ ਹੋਈ ਸੀ। ਫ਼ਿਲਮ ‘ਸਟੂਡੈਂਟ ਆਫ਼ ਦਿ ਯੀਅਰ 2’, ‘ਤੁਮ ਬਿਨ 2’ ਵਿੱਚ ਅਦਾਕਾਰੀ ਕਰਨ ਵਾਲੇ ਆਦਿੱਤਿਆ ਨੇ ਕਾਲੀ ਟੀ-ਸ਼ਰਟ, ਲਾਲ ਟੋਪੀ ਪਾਈ ਹੋਈ ਸੀ। ਗਾਇਕ ਸਟੇਬਿਨ ਨੇ ‘ਆਸ਼ਾਏਂ’ ਗੀਤ ਗਾਇਆ। ਆਸਿਫ਼ ਅਤੇ ਸੇਹਰ ਨੇ ਕਿਹਾ ਕਿ ਇਹ ਸਿਰਫ਼ ਇੱਕ ਸਮਾਗਮ ਨਹੀਂ ਹੈ, ਇਹ ਚੰਗੀਆਂ ਆਦਤਾਂ ਜਾਰੀ ਰੱਖਣ ਨੂੰ ਉਤਸ਼ਾਹਿਤ ਕਰਨ ਦੀ ਇੱਕ ਲਹਿਰ ਵੀ ਹੈ। ਇਹ ਸਮਾਗਮ ਕਰਵਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸ਼ੁੱਧ ਰੱਖਣ ਅਤੇ ਹਰਿਆਲੀ ਵਧਾਉਣ ਪ੍ਰਤੀ ਜਾਗਰੂਕ ਕਰਨਾ ਹੈ। -ਆਈਏਐੱਨਐੱਸ