ਸਾਲਾਨਾ ਖੇਡ ਸਮਾਗਮ ਦੌਰਾਨ ਖਿਡਾਰੀਆਂ ਨੇ ਜੌਹਰ ਦਿਖਾਏ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਦਸੰਬਰ
ਇੱਥੇ ਅੱਜ ਡੀਏਵੀ ਸੈਨਟੇਰੀ ਪਬਲਿਕ ਸਕੂਲ ਦਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਵਿੱਚ ਜਮਾਤ ਨਰਸਰੀ ਤੋਂ ਦਸਵੀਂ ਤੱਕ ਦੇ ਬੱਚਿਆਂ ਦੀਆਂ ਵੱਖ-ਵੱਖ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਗਏ। ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਤੇ ਇੰਡੀਅਨ ਕੌਂਸਲ ਫਾਰ ਇਨਵਾਇਰਮੈਂਟ ਐਜੂਕੇਸ਼ਨ ਰਵਿੰਦਰ ਤਲਵਾੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਕੂਲ ਪੁੱਜਣ ’ਤੇ ਉਨਾਂ ਦਾ ਤੇ ਉਨ੍ਹਾਂ ਦੀ ਪਤਨੀ ਲਲਿਤਾ ਤਲਵਾੜ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਨੇ ਕਿਹਾ ਕਿ ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਖੇਡਾਂ ਨਾਲ ਜਿਥੇ ਸਰੀਰਕ ਤੰਦਰੁਸਤੀ ਮਿਲਦੀ ਹੈ ਉਥੇ ਨਾਲ ਹੀ ਨਿਯਮ ਵਿੱਚ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਰੰਗ ਬਿਰੰਗੇ ਗੁਬਾਰੇ ਅਸਮਾਨ ਵਿੱਚ ਛੱਡੇ ਗਏ। ਚਾਰੇ ਸਦਨਾਂ ਦੇ ਬੱਚਿਆਂ ਨੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ। ਜਮਾਤ ਨਰਸਰੀ ਵਿਚ ਜਿਗ ਜੈਕ, ਫਰਾਗ ਦੌੜ, ਹਰਡਲ ਦੌੜ, ਨਿੰਬੂ, ਬੈਲੂਨ ਸੈਕ, ਸਿੰਡਰੇਲਾ ਦੌੜ, ਤਿੰਨ ਟੰਗੀ ਦੌੜ ਕਰਵਾਈਆਂ ਗਈਆਂ। ਜਮਾਤ ਅੱਠਵੀਂ ਤੋਂ ਦਸਵੀਂ ਤਕ ਦੇ ਵਿਦਿਆਰਥੀਆਂ ਨੇ ਹਰਡਲ ਦੌੜ, 100 ਮੀਟਰ ਦੌੜ, ਸਲੋ ਸਾਈਕਲਿੰਗ ,ਚਾਟੀ ਦੌੜ ਵਿੱਚ ਹਿੱਸਾ ਲਿਆ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਡੰਬਲਜ ਤੇ ਜੂਡੋ ਦੇ ਖਿਡਾਰੀਆਂ ਨੇ ਟਾਈਲ ਬਰੇਕਿੰਗ ਵਿੱਚ ਆਪਣੇ ਜੌਹਰ ਦਿਖਾਏ। ਸੰਸਕ੍ਰਿਤਕ ਪ੍ਰੋਗਰਾਮ ਵਿਚ ਸ਼ਾਭਵੀ, ਕੁਲਵਲ ਤੇ ਕੈਵਲੀਨ ਨੇ ਗਣੇਸ਼ ਵੰਦਨਾ ਕੀਤੀ। ਬੱਚਿਆਂ ਨੇ ਅਲਬੇਲਾ ਗੀਤ ’ਤੇ ਨਾਚ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਰਿਆਣਵੀ ਨਾਚ, ਪੰਜਾਬੀ ਭੰਗੜਾ ਦੀ ਪੇਸ਼ਕਾਰੀ ਕੀਤੀ। ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਈਆਂ ਖੇਡਾਂ ਵਿੱਚ ਸੋਨ ਤਗ਼ਮਾ ਪ੍ਰਾਪਤ ਕਰਨ ਲਈ ਵਿਰਜਾ ਨੰਦ ਸਦਨ ਨੂੰ ਟਰਾਫੀ ਦਿੱਤੀ ਗਈ। ਮੰਚ ਦਾ ਸੰਚਾਲਨ ਅਧਿਆਪਕਾ ਭੰਵਪ੍ਰੀਤ ਨੇ ਕੀਤਾ।