‘ਪਦਯਾਤਰਾ’ ਦੌਰਾਨ ਸਾਬਕਾ ਮੁੱਖ ਮੰਤਰੀ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ
07:42 PM Nov 30, 2024 IST
Advertisement
ਨਵੀਂ ਦਿੱਲੀ, 30 ਨਵੰਬਰ
Security scare during Kejriwal rally ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿਚ ਅੱਜ ‘ਪਦਯਾਤਰਾ’ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਕਥਿਤ ਤਰਲ ਪਦਾਰਥ ਸੁੱਟਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਧਰ ਇਸ ਘਟਨਾ ਮਗਰੋਂ ਆਮ ਆਦਮੀ ਪਾਰਟੀ ਨੇ ਕਿਹਾ, ‘‘ਜੇ ਇਕ ਸਾਬਕਾ ਮੁੱਖ ਮੰਤਰੀ ਕੌਮੀ ਰਾਜਧਾਨੀ ਵਿਚ ਸੁਰੱਖਿਅਤ ਨਹੀਂ ਹੈ ਤਾਂ ਫਿਰ ਇਕ ਆਮ ਆਦਮੀ ਕਿੱਥੇ ਜਾਏਗਾ?’’ ਜਾਣਕਾਰੀ ਅਨੁਸਾਰ ਕੇਜਰੀਵਾਲ ਆਪਣੀ ਪਦਯਾਤਰਾ ਦੌਰਾਨ ਕੁਝ ਲੋਕਾਂ ਨਾਲ ਦੁਆ ਸਲਾਮ ਕਰ ਰਹੇ ਸਨ ਜਦੋਂ ਇਕ ਵਿਅਕਤੀ ਉਨ੍ਹਾਂ ਵੱਲ ਵਧਿਆ ਤੇ ਉਸ ਨੇ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ। ਇਸ ਮਗਰੋਂ ਸੁਰੱਖਿਆ ਅਮਲੇ ਨੇ ਫੌਰੀ ਇਸ ਵਿਅਕਤੀ ਨੂੰ ਕਾਬੂ ਕਰ ਲਿਆ। ਮਗਰੋਂ ਕੇਜਰੀਵਾਲ ਤੇ ਉਨ੍ਹਾਂ ਨਾਲ ਮੌਜੂਦ ਸੁਰੱਖਿਆ ਕਰਮੀ ਉਨ੍ਹਾਂ (ਕੇਜਰੀਵਾਲ) ਦਾ ਮੂੰਹ ਪੂੰਝਦੇ ਦਿਸੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਣ ਵਾਲਾ ਵਿਅਕਤੀ ਉਸੇ ਮੁਹੱਲੇ ਦਾ ਹੈ ਤੇ ਉਸ ਨੂੰ ਸਥਾਨਕ ਪੁਲੀਸ ਥਾਣੇ ਲਿਜਾਇਆ ਗਿਆ ਹੈ। ‘ਆਪ’ ਨੇ ਇਸ ਘਟਨਾ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਜਮ ਕੇ ਨੁਕਤਾਚੀਨੀ ਕੀਤੀ ਹੈ। ਪਾਰਟੀ ਨੇ ਕਿਹਾ, ‘‘ਭਾਜਪਾ ਦੇ ਰਾਜ ਵਿਚ ਦਿੱਲੀ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ।’’ ਦਿੱਲੀ ਪੁਲੀਸ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਹੈ। ਕੇਜਰੀਵਾਲ ਫਰਵਰੀ ਵਿਚ ਹੋਣ ਵਾਲੀਆਂ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਮਾਲਵੀਆ ਨਗਰ ਦੇ ਸਾਵਿੱਤਰੀ ਨਗਰ ਵਿਚ ਰੈਲੀ ਕਰ ਰਹੇ ਸਨ। -ਪੀਟੀਆਈ
Advertisement
Advertisement