Dunki Route USA: ਜਤਿੰਦਰ ਸਿੰਘ ਨੂੰ ਏਜੰਟ ਨੇ ਧੋਖਾ ਕਰਕੇ ਲਵਾਈ ਡੰਕੀ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 17 ਫਰਵਰੀ
US deportation row: ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੀ ਪੱਤੀ ਹਿੰਦੂ ਕੀ ਦਾ ਵਸਨੀਕ ਨੌਜਵਾਨ ਜਤਿੰਦਰ ਸਿੰਘ ਆਪਣੇ ਘਰ ਪਹੁੰਚਿਆ ਤੇ ਭਵਿੱਖ ਲਈ ਭਾਰੀ ਪਰੇਸ਼ਾਨੀ ਅਤੇ ਚਿੰਤਾ ਦੇ ਆਲਮ ਵਿੱਚ ਦਿਖਾਈ ਦਿੱਤਾ। ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਕੇ ਤੇ ਕਰੀਬ ਛੇ ਮਹੀਨੇ ਬਾਅਦ ਭਰ ਪੇਟ ਖਾਣਾ ਖਾਧਾ।
ਡਿਪੋਰਟ ਹੋ ਕੇ ਅਮਰੀਕਾ ਤੋਂ ਆਪਣੇ ਘਰ ਪੁੱਜੇ ਜਤਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਉਸਦੇ ਪਰਿਵਾਰ ਵਿੱਚ ਉਸ ਤੋਂ ਇਲਾਵਾ ਉਸਦੀਆਂ ਦੋ ਭੈਣਾਂ ਅਤੇ ਮਾਤਾ ਪਿਤਾ ਹਨ ਅਤੇ ਉਨ੍ਹਾਂ ਕੋਲ ਸਿਰਫ ਇੱਕ ਕਿੱਲਾ ਜ਼ਮੀਨ ਦਾ ਸੀ ਅਤੇ ਇੱਥੇ ਕੋਈ ਨੌਕਰੀ ਅਤੇ ਕਾਰੋਬਾਰ ਨਾ ਹੋਣ ਕਾਰਨ ਉਹ ਆਪਣੇ ਭਵਿੱਖ ਅਤੇ ਪਰਿਵਾਰ ਦੀ ਬਿਹਤਰੀ ਦੇ ਸੁਪਨੇ ਲੈ ਕੇ ਆਪਣੀ ਜ਼ਮੀਨ ਤੇ ਆਪਣੀਆਂ ਭੈਣਾਂ ਦੇ ਵਿਆਹ ਲਈ ਬਣਾਇਆ ਗਹਿਣਾ ਵੇਚ ਕੇ 17 ਸਤੰਬਰ 2024 ਨੂੰ ਅਮਰੀਕਾ ਰਵਾਨਾ ਹੋਇਆ ਸੀ ਪਰ ਏਜੰਟ ਦੇ ਧੋਖੇ ਨੇ ਉਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮੀਆਂ ਵਿਚ ਬਦਲ ਦਿੱਤਾ ਅਤੇ ਭਵਿੱਖ ਬਰਬਾਦ ਕਰ ਦਿੱਤਾ। ਆਪਣੀ ਹੱਡ ਬੀਤੀ ਦੱਸਦਿਆਂ ਜਤਿੰਦਰ ਸਿੰਘ ਨੇ ਕਿਹਾ ਉਸ ਨੇ ਹਰਿਆਣਾ ਦੇ ਇਕ ਏਜੰਟ ਦਰਸ਼ਨ ਰਾਹੀਂ 50 ਲੱਖ ਰੁਪਏ ਆਪਣੀ ਇੱਕ ਏਕੜ ਜ਼ਮੀਨ ਅਤੇ ਭੈਣਾਂ ਦੇ ਗਹਿਣੇ ਵੇਚ ਕੇ ਏਜੰਟ ਨੂੰ ਦਿੱਤੇ ਸਨ ਤਾਂ ਕਿ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਤੇ ਬਿਨਾਂ ਡੰਕੀ ਲਗਾਇਆ ਜਹਾਜ਼ ਰਾਹੀਂ ਅਮਰੀਕਾ ਪਹੁੰਚ ਸਕੇ ਪਰ ਏਜੰਟ ਨੇ ਉਨ੍ਹਾਂ ਨਾਲ ਧੋਖਾ ਕਰਕੇ ਉਸ ਨੂੰ ਵੱਖ-ਵੱਖ ਦੇਸ਼ਾਂ, ਸਮੁੰਦਰ ਅਤੇ ਜੰਗਲਾਂ ਵਿੱਚੋਂ ਜ਼ਬਰਦਸਤੀ ਡੰਕੀ ਰੂਟ ਰਾਹੀਂ ਅਮਰੀਕਾ ਲਿਜਾਇਆ। ਉਸ ਨੇ ਦੱਸਿਆ ਕਿ ਹਰ ਵੇਲੇ 24 ਘੰਟੇ ਉਸ ਨੂੰ ਆਪਣੀ ਜਾਨ ਦਾ ਖਤਰਾ ਰਹਿੰਦਾ ਸੀ। ਜਤਿੰਦਰ ਸਿੰਘ ਨੇ ਦੱਸਿਆ ਏਜੰਟ ਨੇ ਉਸ ਨੂੰ ਮੁੰਬਈ ਤੋਂ ਗੁੁਆਨਾ ਭੇਜਿਆ ਤੇ ਗੁਆਨਾ ਤੋਂ ਫਿਰ ਜਹਾਜ਼ ਰਾਹੀਂ ਭੇਜਣਾ ਸੀ ਪਰ ਏਜੰਟ ਨੇ ਅੱਗੇ ਟੈਕਸੀ ਰਾਹੀਂ ਅਤੇ ਪੈਦਲ ਜੰਗਲਾਂ ਦੇ ਰਸਤੇ ਸਫ਼ਰ ਕਰਵਾਇਆ ਅਤੇ ਬ੍ਰਾਜ਼ੀਲ ਪਹੁੰਚਾ ਕੇ ਉਥੋਂ ਜਹਾਜ਼ ਰਾਹੀਂ ਅਮਰੀਕਾ ਪਹੁੰਚਾਉਣ ਦੀ ਗੱਲ ਕੀਤੀ। ਜਤਿੰਦਰ ਨੇ ਦੱਸਿਆ ਜਦੋਂ ਉਹ ਬ੍ਰਾਜ਼ੀਲ ਪੁੱਜਾ ਤਾਂ ਉਥੇ ਉਸਨੂੰ ਬੋਲੀਵੀਆ ਜਾਣ ਵਾਸਤੇ ਅਤੇ ਉਥੋਂ ਫਲਾਈਟ ਕਰਾਉਣ ਵਾਸਤੇ ਦੱਸਿਆ ਗਿਆ ਅਤੇ ਜਦੋਂ ਉਹ ਬੋਲੀਵੀਆ ਪੁੱਜਾ ਤਾਂ ਇਥੋਂ ਵੀ ਫਲਾਈਟ ਨਹੀਂ ਕਰਵਾਈ ਗਈ ਅਤੇ ਫਿਰ ਉਸ ਨੂੰ ਤਿੰਨ ਚਾਰ ਦਿਨ ਪੈਦਲ ਹੀ ਪਨਾਮਾ ਦੇ ਜੰਗਲਾਂ ਵਿੱਚੋਂ ਦੀ ਗੁਜ਼ਰਨਾ ਪਿਆ ਜਿੱਥੇ ਰਸਤੇ ਵਿੱਚ ਕਈ ਮਨੁੱਖੀ ਲਾਸ਼ਾਂ ਵੀ ਪਈਆਂ ਹੋਈਆਂ ਸਨ ਅਤੇ ਏਜੰਟ ਨੇ ਉਸ ਨੂੰ 56 ਦਿਨ ਦੇ ਲਗਪਗ ਬੋਲੀਵੀਆ ਬਾਰਡਰ ’ਤੇ ਇੱਕ ਡੌਕਰ ਦੇ ਘਰ ਵੀ ਰੱਖਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਇੱਕ ਪਾਣੀ ਦੀ ਬੋਤਲ ਥੋੜ੍ਹੇ ਜਿਹੇ ਲੂਣ ਵਾਲੇ ਬਿਸਕੁਟ ਅਤੇ ਬ੍ਰੈੱਡ ਹੀ ਦਿੱਤੀ ਜਾਂਦੀ ਸੀ । ਜਤਿੰਦਰ ਸਿੰਘ ਨੇ ਦੱਸਿਆ ਉਹ ਸਾਢੇ ਚਾਰ ਮਹੀਨੇ ਜੰਗਲਾਂ ਅਤੇ ਵੱਖ ਵੱਖ ਦੇਸ਼ਾਂ ਵਿੱਚੋਂ ਦੀ ਧੱਕੇ ਖਾ ਕੇ ਮੌਤ ਨਾਲ ਖੇਡਦਿਆਂ ਹੋਇਆਂ ਅਜੇ ਵੀਹ ਕੁ ਦਿਨ ਪਹਿਲਾਂ ਹੀ ਮੈਕਸਿਕੋ ਬਾਰਡਰ ਰਾਹੀਂ ਅਮਰੀਕਾ ਪੁੱਜਾ ਜਿੱਥੇ ਉਸ ਨੂੰ ਅਮਰੀਕਾ ਦੀ ਪੁਲੀਸ ਨੇ ਨਾਲ ਹੀ ਫੜ ਲਿਆ। ਡਿਪੋਰਟ ਹੋ ਕੇ ਆਏ ਜਤਿੰਦਰ ਸਿੰਘ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅਮਰੀਕਾ ਵਿੱਚੋਂ ਡਿਪੋਰਟ ਕਰਨ ਲਈ ਜਹਾਜ਼ ਵਿੱਚ ਬਿਠਾਇਆ ਗਿਆ ਤਾਂ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਦੇ ਸਿਰ ’ਤੇ ਜੋ ਦਸਤਾਰਾਂ ਸਨ ਉਹ ਵੀ ਉਤਾਰ ਦਿੱਤੀਆਂ ਗਈਆਂ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੱਕ ਉਨ੍ਹਾਂ ਨੂੰ ਨੰਗੇ ਸਿਰ ਲਿਆਂਦਾ ਗਿਆ ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਆ ਕੇ ਉਨ੍ਹਾਂ ਨੂੰ ਸਿਰ ਉਪਰ ਬੰਨ੍ਹਣ ਲਈ ਪਟਕੇ ਦਿੱਤੇ ਗਏ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਛੇ ਮਹੀਨੇ ਬਾਅਦ ਭਰ ਪੇਟ ਖਾਣਾ ਖਾਣ ਨੂੰ ਮਿਲਿਆ। ਜਤਿੰਦਰ ਸਿੰਘ ਅਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਇੱਕ ਨੰਬਰ ਦੀ ਥਾਂ ਦੋ ਨੰਬਰ ਵਿੱਚ ਭੇਜਣ ਵਾਲੇ ਏਜੰਟ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਸ ਦੇ ਏਜੰਟ ਤੋਂ ਪੈਸੇ ਵਾਪਸ ਦਿਵਾਏ ਜਾਣ। ਉਨ੍ਹਾਂ ਜਤਿੰਦਰ ਸਿੰਘ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਕਿ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰ ਕੇ ਆਪਣਾ ਅਗਲਾ ਜੀਵਨ ਸਹੀ ਢੰਗ ਨਾਲ ਬਸਰ ਕਰ ਸਕੇ।