For the best experience, open
https://m.punjabitribuneonline.com
on your mobile browser.
Advertisement

ਟਰੀਟਮੈਂਟ ਪਲਾਂਟ ਦੇ ਰਾਹ ’ਚ ਦੁਲੱਦੀ ਬਣਿਆ ਅੜਿੱਕਾ

07:17 AM Feb 01, 2024 IST
ਟਰੀਟਮੈਂਟ ਪਲਾਂਟ ਦੇ ਰਾਹ ’ਚ ਦੁਲੱਦੀ ਬਣਿਆ ਅੜਿੱਕਾ
Advertisement

ਜੈਸਮੀਨ ਭਾਰਦਵਾਜ
ਨਾਭਾ, 31 ਜਨਵਰੀ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ’ਤੇ ਬਣੇ ਨਾਭਾ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦਾ ਕੰਮ ਕਈ ਮਹੀਨੇ ਪਹਿਲਾਂ ਪੂਰਾ ਹੋਣ ਦੇ ਬਾਵਜੂਦ ਇਹ ਚਾਲੂ ਨਹੀਂ ਹੋ ਪਾ ਰਿਹਾ ਕਿਉਂਕਿ ਦੁਲੱਦੀ ਪਿੰਡ ਵੱਲੋਂ ਇਸ ਦੇ ਪਾਣੀ ਨੂੰ ਪਿੰਡ ਦੀ ਡਰੇਨ ਵਿੱਚ ਪਾਉਣ ਦੀ ਮਨਜ਼ੂਰੀ ਨਹੀਂ ਮਿਲ ਰਹੀ। ਜ਼ਿਕਰਯੋਗ ਹੈ ਕਿ 14 ਕਰੋੜ ਦੀ ਲਾਗਤ ਨਾਲ ਬਣੇ ਇਸ 12 ਐੱਮਐੱਲਡੀ ਸਮਰਥਾ ਦੇ ਪਲਾਂਟ ਨੂੰ 2019 ਵਿੱਚ ਬਣਾ ਕੇ ਚਾਲੂ ਕਰਨਾ ਸੀ। ਪਹਿਲਾਂ ਇਸ ਦੀ ਉਸਾਰੀ ਹੀ ਕਈ ਸਾਲ ਪਛੜ ਕੇ ਹੋਈ ਤੇ ਹੁਣ ਉਸਾਰੀ ਤੋਂ ਬਾਅਦ ਵੀ ਹਾਲੇ ਚਾਲੂ ਨਾ ਹੋਣ ਕਾਰਨ ਸ਼ਹਿਰ ਦਾ ਸਾਰਾ ਗੰਦਾ ਪਾਣੀ ਇਸ ਦੇ ਪਿਛਲੇ ਟੋਭੇ ਵਿੱਚ ਜਾ ਰਿਹਾ ਹੈ, ਜੋ ਕਿ ਮਾਹਿਰਾਂ ਮੁਤਾਬਕ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਦਾ ਹੈ। ਦੁਲੱਦੀ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਆਮ ਕਰਕੇ ਐੱਸਟੀਪੀ ਕੁਝ ਹੀ ਚਿਰਾਂ ਵਿੱਚ ਖਰਾਬ ਹੋ ਕੇ ਮੁਰੰਮਤ ਤੋਂ ਮੁਥਾਜ ਖੜ੍ਹੇ ਰਹਿੰਦੇ ਹਨ ਤੇ ਗੰਦਾ ਪਾਣੀ ਹੀ ਅੱਗੇ ਧੱਕ ਦਿੱਤਾ ਜਾਂਦਾ ਹੈ ਜਿਸ ਕਾਰਨ ਭਵਿੱਖ ਵਿੱਚ ਪਿੰਡ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ। ਮੌਜੂਦਾ ਸਰਪੰਚ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਪਹਿਲਾਂ ਮਾਰਕੀਟ ਕਮੇਟੀ ਨੇ ਵੀ ਇਸ ਪਿੰਡ ’ਚ ਗੰਦਾ ਪਾਣੀ ਇਹ ਕਹਿ ਕੇ ਸੁੱਟਣਾ ਸ਼ੁਰੂ ਕੀਤਾ ਸੀ ਕਿ ਇਸ ਨੂੰ ਢੀਂਗੀ ਪਿੰਡ ਤੱਕ ਲਿਜਾਇਆ ਜਾਵੇਗਾ ਪਰ ਮੁੜ ਕੇ ਕਿਸੇ ਨੇ ਪਿੰਡ ਦੀ ਸਾਰ ਨਾ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦਾ ਸੀਵਰੇਜ ਭਵਾਨੀਗੜ੍ਹ ਰੋਡ ਤੋਂ ਮੋੜ ਕੇ ਦੁਲੱਦੀ ਵਾਲੇ ਪਾਸੇ ਲਿਆਉਣ ਦਾ ਤਰਕ ਸਮਝ ਨਹੀਂ ਆ ਰਿਹਾ ਜਦੋਂਕਿ ਇਹ ਪਾਸਾ ਉੱਚਾ ਹੈ ਤੇ ਪਾਣੀ ਦਾ ਕੁਦਰਤੀ ਵਹਾਅ ਭਵਾਨੀਗੜ੍ਹ ਵਾਲੇ ਪਾਸੇ ਹੀ ਸੀ। ਜੇਕਰ ਪਲਾਂਟ ਵੀ ਉਸੇ ਪਾਸੇ ਲਗਦਾ ਤਾਂ ਖਰਚਾ ਵੀ ਘੱਟ ਆਉਂਦਾ। ਉਥੇ ਖੇਤੀਬਾੜੀ ਜੇਲ੍ਹ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਇਹ ਪਾਣੀ ਵਰਤਿਆ ਵੀ ਜਾਂਦਾ। ਉਨ੍ਹਾਂ ਕਿਹਾ ਕਿ ਪਲਾਂਟ ਇਥੇ ਲਗਾਉਣ ਤੋਂ ਪਹਿਲਾਂ ਪਿੰਡ ਤੋਂ ਮਨਜ਼ੂਰੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਗਈ।
ਸੀਵਰੇਜ ਬੋਰਡ ਦੇ ਐਕਸੀਅਨ ਵਰੁਣ ਧਵਨ ਮੁਤਾਬਕ ਪ੍ਰਸ਼ਾਸਨ ਇਸ ਬਾਬਤ ਹੱਲ ਕੱਢਣ ਦੇ ਯਤਨ ਕਰ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×