For the best experience, open
https://m.punjabitribuneonline.com
on your mobile browser.
Advertisement

‘ਡਫਲੀ ਮੈਨ’ ਮਾਨ

08:55 AM Oct 05, 2024 IST
‘ਡਫਲੀ ਮੈਨ’ ਮਾਨ
Advertisement

ਮੋਨਾ

ਉੱਘਾ ਪੰਜਾਬੀ ਗਾਇਕ ਗੁਰਦਾਸ ਮਾਨ ਦਰਸ਼ਕਾਂ ਦੀ ਕਚਹਿਰੀ ਵਿੱਚ ਆਪਣੀ ਨਵੀਂ ਸੰਗੀਤਕ ਐਲਬਮ ‘ਸਾਊਂਡ ਆਫ ਸੋਇਲ’ ਲੈ ਕੇ ਹਾਜ਼ਰ ਹੋਇਆ ਹੈ। ਪਿਛਲੇ ਦਿਨੀਂ ਚੰਡੀਗੜ੍ਹ ਆਏ ਗੁਰਦਾਸ ਮਾਨ ਨੇ ਪ੍ਰਸ਼ੰਸਕਾਂ ਲਈ ਸਨੇਹ ਜਤਾਉਂਦਿਆਂ, ਵੱਡਿਆਂ ਲਈ ਸ਼ੁਕਰਗੁਜ਼ਾਰੀ ਅਤੇ ਨੌਜਵਾਨ ਕਲਾਕਾਰਾਂ ਦੀ ਸਿਫ਼ਤ ਕਰਦਿਆਂ ਆਪਣੀ ਨਵੀਂ ਐਲਬਮ ਅਤੇ ਹੋਰਨਾਂ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲਾਂ ਕੀਤੀਆਂ।
ਮਾਨ ਨੇ ਕਿਹਾ, ‘‘ਐਲਬਮ ’ਚ ਨੌਂ ਗੀਤ ਹਨ, ਨਵਰਤਨ ਵਾਂਗੂ...ਇੱਕ ਮਾਲਾ ਜਿਸ ਨੂੰ ਮੈਂ ਬਹੁਤ ਪਿਆਰ ਨਾਲ ਪਰੋਇਆ ਹੈ। ਇਸ ਵਿੱਚ ਦੋ ਕੱਵਾਲੀਆਂ ਵੀ ਹਨ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਨਵੀਂ ਪੀੜ੍ਹੀ ਵੀ ਕਲਾ ਦੀ ਇਸ ਵੰਨਗੀ ਨਾਲ ਜੁੜੇ।’’
ਹਾਲਾਂਕਿ ਇਸ ਦਾ ਪਹਿਲਾ ਗੀਤ ‘ਮੈਂ ਹੀ ਝੂਠੀ’ ਰਿਲੀਜ਼ ਹੋ ਚੁੱਕਾ ਹੈ, ਮਾਨ ਇੱਕ ਹੋਰ ਗੀਤ ‘ਪੰਛੀ ਉੱਡ ਗਏ’ ਬਾਰੇ ਗੱਲ ਕਰਦਾ ਹੈ, ‘‘ਮੈਂ ਇਹ ਗੀਤ ਉਨ੍ਹਾਂ ਨੂੰ ਸਮਰਪਿਤ ਕਰ ਕੇ ਲਿਖਿਆ ਹੈ ਜੋ ਇਸ ਜੱਗ ਤੋਂ ਵਿਦਾ ਹੋ ਚੁੱਕੇ ਹਨ। ਇਹ ਸਤਰ ਪਹਿਲੀ ਵਾਰ ਮੇਰੇ ਮਨ ’ਚ ਉਦੋਂ ਆਈ ਜਦ ਮੇਰੇ ਪਿਤਾ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਤੁਰ ਗਏ।’’
ਉਹ ਦੱਸਦਾ ਹੈ ਕਿ ਜ਼ਿਆਦਾਤਰ ਗੀਤ ਤੁਰਦਿਆਂ-ਫਿਰਦਿਆਂ ਹੀ ਉਸ ਦੇ ਮਨ ’ਚ ਉਤਰਦੇ ਹਨ, ‘‘ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਅਲੌਕਿਕ ਤਾਲ ਹਮੇਸ਼ਾ ਮੇਰੇ ਲਈ ਮੌਜੂਦ ਹੁੰਦੀ ਹੈ, ਤੇ ਮੈਂ ਗੀਤਾਂ ਨੂੰ ਲਿਖਦਾ ਤੇ ਤਰਜ਼ਾਂ ਬਣਾਉਂਦਾ ਜਾਂਦਾ ਹਾਂ।’’
ਪੁਰਾਣੇ ਵੇਲੇ ਚੇਤੇ ਕਰਦਿਆਂ, ਮਾਨ ਆਪਣੇ ਪਹਿਲੇ ਗੀਤ ਬਾਰੇ ਗੱਲ ਕਰਦਾ ਹੈ। ਉਹ ਸੱਤ ਜਾਂ ਅੱਠ ਸਾਲ ਦਾ ਸੀ ਅਤੇ ਮਹਾਨ ਗਾਇਕ ਲਾਲ ਚੰਦ ਯਮਲਾ ਜੱਟ ਦੇ ਗੀਤਾਂ ਦੇ ਪੱਧਰ ਦੇ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਸੀ। ਇੱਕ ਦਿਨ ਜਦੋਂ ਉਹ ਆਪਣੀ ਕਿਸੇ ਰਚਨਾ ਨੂੰ ਗੁਣਗੁਣਾ ਰਿਹਾ ਸੀ ਤਾਂ ਉਸ ਦੇ ਚਾਚਾ ਜੀ ਨੇ ਉਸ ਨੂੰ ਸੁਣ ਲਿਆ। ‘‘ਉਸ ਸ਼ਾਮ ਰਾਮਲੀਲਾ ’ਚ ਮੇਰੇ ਚਾਚਾ ਜੀ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਮੇਰਾ ਗੀਤ ਮੰਚ ਤੋਂ ਪੇਸ਼ ਕਰਨ ਦੇਣ; ਉਹ ਮੰਨ ਗਏ ਤੇ ਮੈਂ ‘ਜੱਟਾ ਤੇਰੀ ਜੂਨ ਬੁਰੀ’ ਗਾਇਆ।’’ ਮਾਨ ਦੱਸਦਾ ਹੈ, ‘‘ਅਗਲੀ ਸਵੇਰ ਜਦੋਂ ਮੈਂ ਆਪਣਾ ਬਸਤਾ ਲੈ ਕੇ ਸਕੂਲ ਜਾ ਰਿਹਾ ਸੀ ਤਾਂ ਰਾਜਸਥਾਨੀ ਕੁੜੀਆਂ ਨੇ ਮੇਰੇ ਲਾਗੇ ਆ ਕੇ ‘ਜੱਟਾ ਤੇਰੀ ਜੂਨ ਬੁਰੀ’ ਗਾ ਦਿੱਤਾ। ਮੈਂ ਆਪਣੇ ਪਹਿਲੇ ਗੀਤ ਤੋਂ ਹੀ ਮਸ਼ਹੂਰ ਹੋ ਗਿਆ ਸੀ।’’
ਗੁਰਦਾਸ ਦੱਸਦਾ ਹੈ ਕਿ ਕਿਵੇਂ ਉਸ ਦੇ ਬਾਬਾ ਜੀ (ਦਾਦਾ) ਉਸ ਨੂੰ ਕਈ ਵਿਆਹਾਂ ’ਚ ਬਰਾਤਾਂ ਵਿੱਚ ਨਾਲ ਲੈ ਜਾਂਦੇ ਸਨ ਅਤੇ ਗਾਉਣ ਲਈ ਕਹਿੰਦੇ ਸਨ। ‘‘ਅਤੇ ਮੈਂ ਕਦੇ ਇੱਥੇ, ਕਦੇ ਉੱਥੇ, ਨਵਾਂ ਕੁੜਤਾ-ਚਾਦਰਾ ਤੇ ਗਲ਼ ’ਚ ਕੈਂਠਾ ਪਾ ਕੇ ਪੇਸ਼ਕਾਰੀ ਦਿੰਦਾ ਸੀ। ਮੈਨੂੰ ਪੇਸ਼ਕਾਰੀ ਦੇਣਾ ਬਹੁਤ ਪਸੰਦ ਸੀ।’’
ਕਈ ਯਾਦਾਂ ਤੇ ਹੋਰ ਗੀਤ ਸਾਂਝੇ ਕਰਦਿਆਂ, ਮਾਨ ਨੇ ਵੈਨਕੂਵਰ ਦੀ ਘਟਨਾ ਵੀ ਯਾਦ ਕੀਤੀ ਜਿੱਥੇ ਇੱਕ ਸ਼ੋਅ ਦੌਰਾਨ ਕੁਝ ਲੋਕਾਂ ਨੇ ਉਸ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ‘‘ਮੈਂ ਕੋਈ ਗਾਲ਼ ਨਹੀਂ ਕੱਢੀ। ਮੈਂ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਬੇਨਤੀ ਕਰਦਾ ਰਿਹਾ, ਪਰ ਉਹ ਮਾੜੀ ਸ਼ਬਦਾਵਲੀ ਨਾਲ ਮੇਰੀ ਬੇਇੱਜ਼ਤੀ ਕਰਦੇ ਰਹੇ, ਮੈਂ ਪ੍ਰਤੀਕਿਰਿਆ ਦਿੱਤੀ। ਪਰ ਉਹ ਗਾਲ਼ ਨਹੀਂ ਸੀ।’’ ਹਾਲ ਹੀ ’ਚ ਕਾਫ਼ੀ ਦੇਖੀ ਗਈ ਮਾਨ ਦੀ ਇੱਕ ਵੀਡੀਓ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੋਂ ‘ਮੁਆਫ਼ੀ’ ਮੰਗ ਰਿਹਾ ਹੈ, ਰੁੱਸਿਆਂ ਨੂੰ ਮਨਾਉਣ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਸੀ; ਗੁਰਦਾਸ ਮਾਨ ਦੇ ਪ੍ਰਸ਼ੰਸਕ ਇਸ ਗੱਲ ਤੋਂ ਖਫ਼ਾ ਹਨ ਕਿ ਐਨੇ ਵੱਡੇ ਕੱਦ ਵਾਲੇ ਬੰਦੇ ਨੂੰ ਇਸ ਤਰ੍ਹਾਂ ਦੇ ਵਿਵਾਦ ਵਿੱਚ ਘੜੀਸਿਆ ਗਿਆ ਹੈ।
ਇਸ ਮੌਕੇ ਉਸ ਨੇ ਉਹ ਸਮਾਂ ਵੀ ਚੇਤੇ ਕੀਤਾ ਜਦੋਂ ਪਹਿਲੀ ਵਾਰ ਉਸ ਨੂੰ ਡਫਲੀ ਨਾਲ ਪਿਆਰ ਹੋਇਆ। ‘‘ਪਟਿਆਲੇ ਮੈਂ ਆਪਣੇ ਇੱਕ ਮਿੱਤਰ ਨਾਲ ਸਾਜ਼ ਵੇਚਣ ਵਾਲੀ ਦੁਕਾਨ ’ਤੇ ਗਿਆ ਅਤੇ ਡਫਲੀ ਦੇਖੀ। ਜਦੋਂ ਮੈਂ ਡਫਲੀ ਨੂੰ ਛੂਹਿਆ ਤੇ ਹਲਕਾ ਜਿਹਾ ਵਜਾਇਆ- ਉਸ ਵੇਲੇ ਇਹ ਚਮੜੇ ਦੀ ਬਣੀ ਹੋਈ ਸੀ- ਮੈਨੂੰ ਇਸ ਵਿੱਚੋਂ ‘ਓਮ’ ਸੁਣਾਈ ਦਿੱਤਾ। ਉਸ ਦਿਨ ਤੋਂ ਲੈ ਕੇ ਹੁਣ ਤੱਕ ਡਫਲੀ ਮੇਰੀ ਹਰ ਪੇਸ਼ਕਾਰੀ ਦਾ ਹਿੱਸਾ ਰਹੀ ਹੈ।’’
ਮਾਨ ਨੂੰ ਸਿਰਫ਼ ਆਪਣੇ ਸਰੋਤਿਆਂ ਦਾ ਹੀ ਪਿਆਰ ਨਹੀਂ ਮਿਲਿਆ, ਬਲਕਿ ਉਨ੍ਹਾਂ ਗਾਇਕਾਂ ਦੀ ਮੁਹੱਬਤ ਵੀ ਮਿਲੀ ਹੈ ਜੋ ਉਸ ਨੂੰ ਆਪਣੇ ਗੀਤਾਂ ਵਿੱਚ ਚੇਤੇ ਕਰਦੇ ਹਨ। ਗੁਰਦਾਸ ਕਹਿੰਦਾ ਹੈ, ‘‘ਜੇ ਇੱਕ ਗਾਇਕ ਆਪਣੇ ਗੀਤਾਂ ਵਿੱਚ ਮੇਰਾ ਨਾਂ ਲੈਂਦਾ ਹੈ, ਇਸ ਤੋਂ ਵੱਡਾ ਸਨਮਾਨ ਕੋਈ ਨਹੀਂ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦੇ ਦਿਲ ਵਿੱਚ ਥਾਂ ਬਣਾਈ ਹੈ।’’
ਨਿਰਦੇਸ਼ਕ ਤੇ ਫਿਲਮਸਾਜ਼ ਪਤਨੀ ਮਨਜੀਤ ਮਾਨ ਦੇ ਨਾਲ ਬੈਠੇ ਗੁਰਦਾਸ ਮਾਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਦੂਜੇ ਨਿਰਦੇਸ਼ਕਾਂ ਨਾਲ ਵੀ ਕੰਮ ਕਰਨਾ ਚਾਹੁਣਗੇ, ਤਾਂ ਉਹ ਪਤਨੀ ਵੱਲ ਦੇਖ ਕੇ ਮੁਸਕੁਰਾਏ। ਗੂੰਜਦੀ ਨਾਂਹ ਤੋਂ ਬਾਅਦ ਮਨਜੀਤ ਨੇ ਕਿਹਾ, ‘‘ਮਾਨ ਸਾਬ੍ਹ ਰੋਲ ਸੁਣਦਿਆਂ ਆਪਣੇ ਸੰਗੀਤ ’ਚ ਗੁਆਚੇ ਕਿਸੇ ਹੋਰ ਹੀ ਥਾਂ ਪਹੁੰਚ ਜਾਂਦੇ ਹਨ; ਉਨ੍ਹਾਂ ਨੂੰ ਕਹਾਣੀ ਦੇ ਨਾਲ ਜੋੜ ਕੇ ਰੱਖਣ ਲਈ ਮੈਨੂੰ ਆਲੇ-ਦੁਆਲੇ ਰਹਿਣਾ ਪੈਂਦਾ ਹੈ।’’
ਇਸ ਗੱਲਬਾਤ ਦੌਰਾਨ ਹੀ ਮਾਨ ਦੇ ਬਿਜਲੀ ਬੋਰਡ ਵਿੱਚ ਕੰਮ ਕਰਨ ਦਾ ਪ੍ਰਸੰਗ ਵੀ ਸਾਂਝਾ ਕੀਤਾ। ਮਾਨ ਨੇ ਦੱਸਿਆ ਕਿ ਕਿਵੇਂ ਉਸ ਨੂੰ ਸਬੰਧਤ ਵਿਅਕਤੀਆਂ ਤੱਕ ਚਿੱਠੀ-ਪੱਤਰ ਪਹੁੰਚਦਾ ਯਕੀਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ, ਪਰ ਜਦੋਂ ਉਹ ਨਹੀਂ ਕਰ ਸਕਿਆ ਤਾਂ ਇੱਕ ਸੀਨੀਅਰ ਨੇ ਮਦਦ ਕੀਤੀ। ‘‘ਉਹ ਸਮਝਦੇ ਸਨ ਕਿ ਮੈਂ ਇਹ ਕੰਮ ਕਰਨ ਲਈ ਪੈਦਾ ਨਹੀਂ ਹੋਇਆ। ਇਸ ਮਗਰੋਂ ਮੇਰਾ ਗੀਤ ਜਲਦੀ ਹੀ ਆ ਗਿਆ ਤੇ ਉਨ੍ਹਾਂ ਸਣੇ ਕਈ ਹੋਰਾਂ ਨੇ ਮੇਰੇ ਉਤੇ ਬਹੁਤ ਮਾਣ ਮਹਿਸੂਸ ਕੀਤਾ।’’
ਨੌਜਵਾਨ ਕਲਾਕਾਰਾਂ ਨੂੰ ਮਾਨ ਦੀ ਸਲਾਹ ਸਪੱਸ਼ਟ ਹੈ। ਉਸ ਨੇ ਕਿਹਾ, ‘‘ਆਪਣੇ ਗੁਣ ਨੂੰ ਨੌਜਵਾਨਾਂ ਨੂੰ ਸੇਧ ਦੇਣ ਲਈ ਵਰਤੋ। ਆਪਣੇ ਗੀਤਾਂ ਰਾਹੀਂ ਮੈਂ ਇਹ ਹੀ ਕੀਤਾ ਹੈ।’’ ਉਸ ਨੇ ਆਪਣਾ ਗੀਤ ‘ਚਿੰਤਾ ਨਾ ਕਰ ਯਾਰ’ ਵੀ ਸੁਣਾਇਆ।

Advertisement

Advertisement
Advertisement
Author Image

sukhwinder singh

View all posts

Advertisement