ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਠੰਢੇ ਮੌਸਮ ਵਿੱਚ ‘ਜ਼ੀਰੋ ਬਿੱਲਾਂ’ ਕਾਰਨ ਖ਼ਜ਼ਾਨੇ ਨੂੰ ਲੱਗਿਆ ਸੇਕ

07:49 AM Jan 10, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜਨਵਰੀ
ਪੰਜਾਬ ਦੇ ਠੰਢੇ ਮੌਸਮ ਵਿੱਚ ਹੁਣ ‘ਜ਼ੀਰੋ ਬਿੱਲ’ ਖ਼ਜ਼ਾਨੇ ਨੂੰ ਸੇਕ ਲਾਉਣ ਲੱਗੇ ਹਨ। ਜ਼ੀਰੋ ਬਿੱਲਾਂ ਵਾਲੇ ਕੁਨੈਕਸ਼ਨਾਂ ਦਾ ਗਰਾਫ਼ ਵਧਿਆ ਹੈ ਅਤੇ ਨਾਲ ਹੀ ਸਬਸਿਡੀ ਦੀ ਪੰਡ ਵੀ ਭਾਰੀ ਹੋਣ ਲੱਗੀ ਹੈ। ਜਿਉਂ ਹੀ ਨਵੰਬਰ ਆਉਂਦਾ ਹੈ, ਜ਼ੀਰੋ ਬਿੱਲਾਂ ਦਾ ਅੰਕੜਾ ਉਪਰ ਵੱਲ ਜਾਣ ਲੱਗਦਾ ਹੈ। ਨਵੰਬਰ-ਦਸੰਬਰ ਮਹੀਨੇ ’ਚ ਆਏ ਜ਼ੀਰੋ ਬਿੱਲਾਂ ਦੀ ਗਿਣਤੀ ਤੋਂ ਜਾਪਦਾ ਹੈ ਕਿ ਖਪਤਕਾਰਾਂ ਨੇ 300 ਯੂਨਿਟ ਮੁਫ਼ਤ ਬਿਜਲੀ ਲੈਣ ਖ਼ਾਤਰ ਬਿਜਲੀ ਮੀਟਰਾਂ ਦੀ ਗਿਣਤੀ ਵੀ ਵਧਾ ਲਈ ਹੈ।
ਪਾਵਰਕੌਮ ਦੇ ਤੱਥਾਂ ਅਨੁਸਾਰ ਦਸੰਬਰ 2023 ਵਿੱਚ 36.65 ਲੱਖ ਖਪਤਕਾਰਾਂ ਨੂੰ ਜ਼ੀਰੋ ਬਿੱਲ ਜਾਰੀ ਹੋਏ ਹਨ ਜਦੋਂ ਕਿ ਦਸੰਬਰ 2022 ਵਿਚ ਇਹ ਅੰਕੜਾ 33.16 ਲੱਖ ਬਿੱਲਾਂ ਦਾ ਸੀ। ਇਸ ਤੋਂ ਸਾਫ਼ ਹੈ ਕਿ ਲੰਘੇ ਦਸੰਬਰ ਦੇ ਮੁਕਾਬਲੇ 2022 ਦਸੰਬਰ ਵਿੱਚ 2.89 ਲੱਖ ਜ਼ੀਰੋ ਬਿੱਲ ਵੱਧ ਜਾਰੀ ਹੋਏ ਹਨ। ਸਬਸਿਡੀ ਦੇਖੀਏ ਤਾਂ ਦਸੰਬਰ 2023 ਵਿੱਚ ਸਬਸਿਡੀ ਦਾ ਬਿੱਲ 540.59 ਕਰੋੜ ਰੁਪਏ ਬਣਿਆ ਹੈ ਜਦਕਿ ਦਸੰਬਰ 2022 ਵਿਚ ਇਹੋ ਬਿੱਲ 388.28 ਕਰੋੜ ਸੀ। ਇੱਕ ਸਾਲ ਵਿੱਚ ਸਬਸਿਡੀ ਬਿੱਲ 152.31 ਕਰੋੜ ਰੁਪਏ ਵਧ ਗਿਆ। ਇਵੇਂ ਨਵੰਬਰ 2023 ਵਿੱਚ ਜ਼ੀਰੋ ਬਿੱਲਾਂ ਨਾਲ ਸਬਸਿਡੀ ਵਿੱਚ ਪਿਛਲੇ ਵਰ੍ਹੇ ਦੇ ਨਵੰਬਰ ਮਹੀਨੇ ਮੁਕਾਬਲੇ 100.25 ਕਰੋੜ ਦਾ ਵਾਧਾ ਹੋਇਆ ਹੈ। ਬਿਜਲੀ ਮਾਹਿਰ ਦੱਸਦੇ ਹਨ ਕਿ ਜਿਨ੍ਹਾਂ ਘਰਾਂ ਵਿਚ ਪਹਿਲਾਂ ਇੱਕ ਮੀਟਰ ਸੀ, ਉਨ੍ਹਾਂ ਪਰਿਵਾਰਾਂ ਨੇ ਜ਼ੀਰੋ ਬਿੱਲਾਂ ਦਾ ਲਾਹਾ ਲੈਣ ਖ਼ਾਤਰ ਦੋ ਮੀਟਰ ਲਗਵਾ ਲਏ ਹਨ ਜਿਸ ਨਾਲ ਖਪਤਕਾਰਾਂ ਦੀ ਗਿਣਤੀ ਵਧ ਗਈ ਹੈ।
ਸਬਸਿਡੀ ’ਚ ਵਾਧੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਂਜ ਤਾਂ ਖਪਤਕਾਰਾਂ ਦੀ ਠੰਢ ਵਿੱਚ ਖਪਤ ਘੱਟ ਜਾਂਦੀ ਹੈ ਪ੍ਰੰਤੂ ਲੋਕ ਸਾਰੇ ਮੁਫ਼ਤ ਯੂਨਿਟਾਂ ਦੀ ਖਪਤ ਕਰਨ ਲਈ ਵੱਧ ਬਿਜਲੀ ਬਾਲਦੇ ਹਨ। ਜਦੋਂ ਤੋਂ ਜ਼ੀਰੋ ਬਿੱਲ ਸ਼ੁਰੂ ਹੋਏ ਹਨ, ਉਦੋਂ ਤੋਂ ਹੁਣ ਤੱਕ ਅਗਸਤ 2023 ਦਾ ਇਕਲੌਤਾ ਅਜਿਹਾ ਮਹੀਨਾ ਹੈ ਜਦੋਂ ਬਿਜਲੀ ਸਬਸਿਡੀ ਦਾ ਬਿੱਲ ਸਭ ਤੋਂ ਵੱਧ 823.33 ਕਰੋੜ ਰੁਪਏ ਬਣਿਆ ਹੈ। ਜੁਲਾਈ 2022 ਤੋਂ ਦਸੰਬਰ 2023 ਤੱਕ ਜ਼ੀਰੋ ਬਿੱਲਾਂ ਤਹਿਤ 10196.90 ਕਰੋੜ ਦੀ ਸਬਸਿਡੀ ਦਾ ਬਿੱਲ ਬਣਿਆ ਹੈ।

Advertisement

ਬਿਨਾਂ ਸਬਸਿਡੀ ਵਾਲੇ ਖਪਤਕਾਰ 2.36 ਫ਼ੀਸਦੀ

ਸਰਕਾਰ ਨੇ ਸੂਬੇ ਦੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਦੀ ਸੁਵਿਧਾ ਜੁਲਾਈ 2022 ਤੋਂ ਦਿੱਤੀ ਹੈ ਅਤੇ ਉਸ ਤੋਂ ਪਹਿਲਾਂ ਚੰਨੀ ਸਰਕਾਰ ਸਮੇਂ 7 ਕਿੱਲੋਵਾਟ ਲੋਡ ਤੱਕ ਦੇ ਖਪਤਕਾਰਾਂ ਨੂੰ ਢਾਈ ਰੁਪਏ ਪ੍ਰਤੀ ਯੂਨਿਟ ਸਬਸਿਡੀ ਦਿੱਤੀ ਹੋਈ ਸੀ। ਘਰੇਲੂ ਖਪਤਕਾਰਾਂ ਨੂੰ ਮੌਜ ਲੱਗੀ ਹੋਈ ਹੈ। ਜ਼ੀਰੋ ਬਿੱਲਾਂ ਅਤੇ ਢਾਈ ਰੁਪਏ ਯੂਨਿਟ ਸਬਸਿਡੀ ਲੈਣ ਵਾਲੇ ਕੁੱਲ ਖਪਤਕਾਰਾਂ ਦਾ ਅੰਕੜਾ ਦਸੰਬਰ ਮਹੀਨੇ ਦਾ 97.64 ਫ਼ੀਸਦੀ ਬਣਦਾ ਹੈ। ਮਤਲਬ ਇਹ ਕਿ ਸੂਬੇ ਦੇ ਸਿਰਫ਼ 2.36 ਫ਼ੀਸਦੀ ਖਪਤਕਾਰ ਅਜਿਹੇ ਬਚੇ ਹਨ ਜਿਨ੍ਹਾਂ ਨੂੰ ਘਰੇਲੂ ਬਿਜਲੀ ’ਤੇ ਕੋਈ ਸਬਸਿਡੀ ਨਹੀਂ ਮਿਲ ਰਹੀ। ਪਹਿਲਾਂ ਕਾਂਗਰਸ ਸਰਕਾਰ ਦੌਰਾਨ ਐੱਸਸੀ, ਬੀਸੀ, ਬੀਪੀਐੱਲ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਦੀ ਬਿਜਲੀ ਮੁਆਫ਼ੀ ਸੀ।

ਰੋਜ਼ਾਨਾ ਸਬਸਿਡੀ 60 ਕਰੋੜ ਰੁਪਏ

ਅਗਲੇ ਵਿੱਤੀ ਵਰ੍ਹੇ 2024-25 ਦੌਰਾਨ ਪੰਜਾਬ ਵਿੱਚ ਸਮੁੱਚੀ ਬਿਜਲੀ ਸਬਸਿਡੀ ਦਾ ਬਿੱਲ 22 ਹਜ਼ਾਰ ਕਰੋੜ ਰੁਪਏ ਅਨੁਮਾਨਿਆ ਗਿਆ ਹੈ ਜਿਸ ਵਿਚ ਘਰੇਲੂ ਖਪਤਕਾਰਾਂ ਦਾ 9000 ਕਰੋੜ ਦਾ ਬਿੱਲ ਵੀ ਸ਼ਾਮਲ ਕੀਤਾ ਗਿਆ ਹੈ। ਖੇਤੀ ਮੋਟਰਾਂ ਵਾਲੀ ਸਬਸਿਡੀ ਦਾ ਬਿੱਲ ਵੀ 10 ਹਜ਼ਾਰ ਕਰੋੜ ਹੋ ਜਾਵੇਗਾ । ਸਨਅਤਾਂ ਨੂੰ ਦਿੱਤੀ ਜਾਂਦੀ ਬਿਜਲੀ ਸਬਸਿਡੀ ਵੀ ਵਧ ਕੇ 3000 ਕਰੋੜ ਹੋ ਜਾਵੇਗੀ। ਅਗਲੇ ਵਿੱਤੀ ਵਰ੍ਹੇ ਦੌਰਾਨ ਜੋ ਸਬਸਿਡੀ ਅਨੁਮਾਨੀ ਗਈ ਹੈ, ਉਸ ਮੁਤਾਬਕ ਪੰਜਾਬ ਸਰਕਾਰ ਨੂੰ ਰੋਜ਼ਾਨਾ ਔਸਤਨ 60.27 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਤਾਰਨੇ ਪੈਣਗੇ।

Advertisement

Advertisement