For the best experience, open
https://m.punjabitribuneonline.com
on your mobile browser.
Advertisement

ਬੇਮੌਸਮੇ ਮੀਂਹ ਅਤੇ ਹਨੇਰੀ ਕਾਰਨ ਕਣਕਾਂ ਵਿਛੀਆਂ

07:48 AM Mar 31, 2024 IST
ਬੇਮੌਸਮੇ ਮੀਂਹ ਅਤੇ ਹਨੇਰੀ ਕਾਰਨ ਕਣਕਾਂ ਵਿਛੀਆਂ
ਮੀਂਹ ਅਤੇ ਝੱਖੜ ਕਾਰਨ ਜਗਰਾਉਂ ਇਲਾਕੇ ’ਚ ਵਿਛੀ ਕਣਕ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਮਾਰਚ
ਇਲਾਕੇ ’ਚ ਸ਼ਨਿੱਚਰਵਾਰ ਨੂੰ ਵੱਡੇ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਝੱਖੜ ਅਤੇ ਤੇਜ਼ ਮੀਂਹ ਨੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕੁਝ ਦਿਨਾਂ ਦੇ ਵਕਫ਼ੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਝੱਖੜ ਤੇ ਮੀਂਹ ਨਾਲ ਫ਼ਸਲਾਂ ਮਧੋਲੀਆਂ ਗਈਆਂ ਹਨ। ਥੋੜ੍ਹੇ ਦਿਨ ਬਾਅਦ ਕਣਕ ਦੀ ਵਾਢੀ ਸ਼ੁਰੂ ਹੋਣੀ ਸੀ ਪਰ ਉਸ ਤੋਂ ਐਨ ਪਹਿਲਾਂ ਝੱਖੜ ਨੇ ਕਣਕਾਂ ਵਿੱਛਾ ਦਿੱਤੀਆਂ। ਉਪਰੋਂ ਤੇਜ਼ ਮੀਂਹ ਨੇ ਵੀ ਫ਼ਸਲਾਂ ਦਾ ਨੁਕਸਾਨ ਕੀਤਾ ਹੈ। ਇਸ ਕਾਰਨ ਕਣਕ ਦੀ ਵਾਢੀ ’ਚ ਮੁਸ਼ਕਿਲ ਆ ਸਕਦੀ ਹੈ ਅਤੇ ਕਿਸਾਨਾਂ ਨੇ ਝਾੜ ਘਟਣ ਦਾ ਵੀ ਖਦਸ਼ਾ ਪ੍ਰਗਟਾਇਆ ਹੈ। ਦਿਨ ਵੇਲੇ ਭਾਵੇਂ ਮੌਸਮ ਆਮ ਵਰਗਾ ਹੋ ਗਿਆ ਤੇ ਪੂਰੀ ਧੁੱਪ ਨਿੱਕਲੀ ਪਰ ਉਸ ਤੋਂ ਪਹਿਲਾਂ ਕੁਝ ਦੇਰ ਲਈ ਚੱਲੀਆਂ ਤੇਜ਼ ਹਵਾਵਾਂ ਤੇ ਝੱਖੜ ਨੇ ਨੁਕਸਾਨ ਕਰ ਦਿੱਤਾ ਸੀ।
ਇਸ ਸਬੰਧੀ ਕਿਸਾਨ ਜਗਤਾਰ ਸਿੰਘ, ਅਮਰ ਸਿੰਘ, ਪ੍ਰੀਤਮ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਹਾਲੇ ਪਿਛਲੇ ਮਹੀਨੇ ਹੀ ਗੜਿਆਂ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਸੀ, ਹੁਣ ਦੂਜੀ ਵਾਰ ਕਿਸਾਨਾਂ ਨੂੰ ਕੁਦਰਤੀ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਕਿਸਾਨ ਹਾੜ੍ਹੀ ਤੇ ਸਾਉਣੀ ਦੀ ਫ਼ਸਲ ’ਤੇ ਜਿੰਨਾ ਖ਼ਰਚ ਕਰਦੇ ਹਨ ਓਨੀ ਆਮਦਨ ਨਹੀਂ ਹੁੰਦੀ, ਦੂਜਾ ਇਸ ਹਾਲਤ ’ਚ ਸਰਕਾਰ ਵੀ ਬਾਂਹ ਨਹੀਂ ਫੜਦੀ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਨੇ ਕਿਹਾ ਕਿ ਹਾਲੇ ਤਕ ਪਹਿਲਾਂ ਹੋਏ ਫ਼ਸਲਾਂ ਦੇ ਨੁਕਸਾਨ ਦਾ ਸਰਕਾਰ ਮੁਆਵਜ਼ਾ ਨਹੀਂ ਦੇ ਸਕੀ। ਉਨ੍ਹਾਂ ਸਰਕਾਰ ਤੋਂ ਬਿਨਾਂ ਦੇਰੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫ਼ਸਲਾਂ ਦੇ ਭਾਅ ਦੇਣ ਦੀ ਮੰਗ ਕੀਤੀ।

Advertisement

ਹਨੇਰੀ ਕਾਰਨ ਬਿਜਲੀ ਤੇ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਸਵੇਰੇ ਤੜਕੇ ਚੱਲੇ ਝੱਖੜ ਤੇ ਤੇਜ਼ ਮੀਂਹ ਨੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ। ਸਵੇਰੇ ਸਵੇਰੇ ਹਨੇਰੀ ਚਲਦੀ ਰਹੀ, ਇਸ ਦੇ ਨਾਲ ਹੀ ਤੇਜ਼ ਮੀਂਹ ਵੀ ਪਿਆ। ਸ਼ਹਿਰ ਦੇ ਕਈ ਇਲਾਕੇ ਅਜਿਹੇ ਸਨ, ਜਿਥੇ ਹਨੇਰੀ ਕਾਰਨ ਕਈ ਦਰੱਖਤ ਡਿੱਗ ਗਏ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਬਿਜਲੀ ਤੇ ਇੰਟਰਨੈੱਟ ਦੀਆਂ ਤਾਰਾਂ ਵੀ ਟੁੱਟ ਗਈਆਂ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਈ ਘੰਟੇ ਬਿਜਲੀ ਦੀ ਸਪਲਾਈ ਵੀ ਬੰਦ ਰਹੀ।

Advertisement
Author Image

sanam grng

View all posts

Advertisement
Advertisement
×