For the best experience, open
https://m.punjabitribuneonline.com
on your mobile browser.
Advertisement

ਯੂਪੀਏ ਦੇ ਗਲਤ ਫ਼ੈਸਲਿਆਂ ਕਾਰਨ ਲੀਹੋਂ ਲੱਥਿਆ ਸੀ ਅਰਥਚਾਰਾ

07:15 AM Feb 09, 2024 IST
ਯੂਪੀਏ ਦੇ ਗਲਤ ਫ਼ੈਸਲਿਆਂ ਕਾਰਨ ਲੀਹੋਂ ਲੱਥਿਆ ਸੀ ਅਰਥਚਾਰਾ
ਲੋਕ ਸਭਾ ’ਚ ਸੰਬੋਧਨ ਕਰਦੀ ਹੋਈ ਿਵੱਤ ਮੰਤਰੀ ਿਨਰਮਲਾ ਸੀਤਾਰਾਮਨ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 8 ਫਰਵਰੀ
ਆਮ ਚੋਣਾਂ ਤੋਂ ਪਹਿਲਾਂ ਸੰਸਦ ਦੇ ਆਖਰੀ ਇਜਲਾਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਸਾਬਕਾ ਯੂਪੀਏ ਸਰਕਾਰ ਸਮੇਂ ਅਰਥਚਾਰੇ ’ਚ ਆਏ ਨਿਘਾਰ ਦਾ ਦਾਅਵਾ ਕਰਦਿਆਂ ਅੱਜ ਵ੍ਹਾਈਟ ਪੇਪਰ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਵ੍ਹਾਈਟ ਪੇਪਰ ’ਚ ਕਿਹਾ ਗਿਆ ਹੈ ਕਿ ਯੂਪੀਏ ਨੇ ਅੰਨ੍ਹੇਵਾਹ ਮਾਲੀਏ ਖ਼ਰਚੇ, ਬਜਟ ਤੋਂ ਜ਼ਿਆਦਾ ਉਧਾਰੀ ਅਤੇ ਬੈਂਕਾਂ ਦੇ ਐੱਨਪੀਏ ਕਾਰਨ ਭਾਰਤੀ ਅਰਥਚਾਰੇ ਨੂੰ ਵੱਡੀ ਢਾਹ ਲਾਈ ਸੀ। ਸੰਸਦ ’ਚ ਰੱਖੇ ਗਏ 54 ਪੰਨਿਆਂ ਦੇ ਦਸਤਾਵੇਜ਼ ’ਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਮੋਦੀ ਸਰਕਾਰ ਨੇ ਅਰਥਚਾਰੇ ਨੂੰ ਹੱਲਾਸ਼ੇਰੀ ਦਿੱਤੀ ਅਤੇ ਮੁਲਕ ਸਭ ਤੋਂ ਤੇਜ਼ੀ ਨਾਲ ਵਧ ਰਹੇ ਤੇ ਸਭ ਤੋਂ ਦਿਲ ਖਿੱਚਵੇਂ ਨਿਵੇਸ਼ ਦਾ ਮੁਕਾਮ ਬਣ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਭਾਰਤ ‘ਪੰਜ ਕਮਜ਼ੋਰ’ ਅਰਥਚਾਰਿਆਂ ’ਚੋਂ ਨਿਕਲ ਕੇ ਹੁਣ ਦੁਨੀਆ ਦੇ ਸਿਖਰਲੇ ਪੰਜ ਅਰਥਚਾਰਿਆਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਵ੍ਹਾਈਟ ਪੇਪਰ ’ਚ ਮੌਜੂਦਾ ਦੌਰ ਨੂੰ ‘ਕਰਤੱਵ ਕਾਲ’ ਦੱਸਦਿਆਂ ਕਿਹਾ ਗਿਆ ਕਿ ਅਜੇ ਕਾਫ਼ੀ ਮੀਲ ਚੱਲਣਾ ਹੈ ਅਤੇ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣਾ ਹੈ। ਲੋਕ ਸਭਾ ’ਚ ਸ਼ੁੱਕਰਵਾਰ ਨੂੰ ਵ੍ਹਾਈਟ ਪੇਪਰ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ ਜਿਸ ਲਈ ਚਾਰ ਘੰਟਿਆਂ ਦਾ ਸਮਾਂ ਰੱਖਿਆ ਗਿਆ ਹੈ ਅਤੇ ਫਿਰ ਸੀਤਾਰਾਮਨ ਉਸ ਦਾ ਜਵਾਬ ਦੇ ਸਕਦੇ ਹਨ। ਵ੍ਹਾਈਟ ਪੇਪਰ ਮੁਤਾਬਕ 2014 ’ਚ ਭਾਰਤੀ ਅਰਥਚਾਰਾ ਮੰਦੀ ਹਾਲਤ ’ਚ ਸੀ ਕਿਉਂਕਿ ਯੂਪੀਏ ਦੇ 10 ਸਾਲਾਂ ਦੇ ਰਾਜ ਦੌਰਾਨ ਕਈ ਗਲਤ ਫ਼ੈਸਲੇ ਲਏ ਗਏ ਸਨ ਜਿਨ੍ਹਾਂ ਦਾ ਸਾਰਾ ਭਾਰ ਮੋਦੀ ਸਰਕਾਰ ’ਤੇ ਪੈ ਗਿਆ ਸੀ ਅਤੇ ਉਨ੍ਹਾਂ ਵਿਰਾਸਤ ’ਚ ਮਿਲੀਆਂ ਚੁਣੌਤੀਆਂ ’ਤੇ ਪਿਛਲੇ 10 ਸਾਲਾਂ ’ਚ ਸਫ਼ਲਤਾਪੂਰਬਕ ਕਾਬੂ ਪਾਇਆ ਹੈ। ਇਸ ਦੇ ਨਾਲ ਹੀ ਭਾਰਤ ਨੂੰ ਵਿਕਾਸ ਦੇ ਰਾਹ ’ਤੇ ਪਾਉਣ ਲਈ ਸਖ਼ਤ ਫ਼ੈਸਲੇ ਵੀ ਲਏ ਗਏ। ਵ੍ਹਾਈਟ ਪੇਪਰ ਮੁਤਾਬਕ ਜਦੋਂ 2014 ’ਚ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਅਰਥਚਾਰਾ ਨਾਜ਼ੁਕ ਹਾਲਤ ’ਚ ਸੀ। ਇਸ ਤੋਂ ਇਲਾਵਾ ਆਰਥਿਕ ਦੁਰਪ੍ਰਬੰਧਨ, ਵਿੱਤੀ ਅਨੁਸ਼ਾਸਨਹੀਣਤਾ ਅਤੇ ਵਿਆਪਕ ਭ੍ਰਿਸ਼ਟਾਚਾਰ ਵੀ ਫੈਲਿਆ ਹੋਇਆ ਸੀ। ਦਸਤਾਵੇਜ਼ ਮੁਤਾਬਕ,‘‘ਇਹ ਮੁਸ਼ਕਲ ਹਾਲਾਤ ਸਨ। ਅਰਥਚਾਰੇ ਨੂੰ ਪੜਾਅਵਾਰ ਸੁਧਾਰਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੀ।’’ ਇਸ ’ਚ ਕਿਹਾ ਗਿਆ ਹੈ ਕਿ ਚੁਣੌਤੀਪੂਰਨ ਆਲਮੀ ਮਾਹੌਲ ਦੇ ਬਾਵਜੂਦ ਮੋਦੀ ਸਰਕਾਰ ਦੇ ਸੁਧਾਰਾਂ ਨਾਲ ਤਕਰੀਬਨ ਇਕ ਦਹਾਕੇ ’ਚ ਭਾਰਤ ‘ਪੰਜ ਕਮਜ਼ੋਰ’ ਅਰਥਚਾਰਿਆਂ ’ਚੋਂ ਨਿਕਲ ਕੇ ਦੁਨੀਆ ਦੇ ਸਿਖਰਲੇ ਪੰਜ ਅਰਥਚਾਰਿਆਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਵ੍ਹਾਈਟ ਪੇਪਰ ’ਚ ਯੂਪੀਏ ਸਰਕਾਰ ਸਮੇਂ ਕੋਲਾ ਬਲਾਕ ਵੰਡ, 2ਜੀ ਸਪੈਕਟਰਮ ਨਿਲਾਮੀ, ਰਾਸ਼ਟਰਮੰਡਲ ਖੇਡਾਂ ਅਤੇ ਸ਼ਾਰਦਾ ਚਿੱਟ ਫੰਡ ਸਮੇਤ 15 ਘੁਟਾਲਿਆਂ ਨੂੰ ਸੂਚੀਬੱਧ ਕਰਦਿਆਂ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਇਨ੍ਹਾਂ ਕੇਸਾਂ ਨੇ ਅਰਥਚਾਰੇ ’ਚ ਲੋਕਾਂ ਦੇ ਭਰੋਸੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਸ ਮੁਤਾਬਕ ਰੱਖਿਆ ਤਿਆਰੀਆਂ ਨੂੰ ਵੀ ਨੀਤੀਗਤ ਅਪੰਗਤਾ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਕਮਜ਼ੋਰ ਲੀਡਰਸ਼ਿਪ, ਇਰਾਦੇ ਅਤੇ ਕਾਰਵਾਈ ਦੀ ਕਮੀ ਕਾਰਨ ਰੱਖਿਆ ਤਿਆਰੀਆਂ ਪੱਛੜ ਗਈਆਂ। ਵ੍ਹਾਈਟ ਪੇਪਰ ’ਚ ਕਿਹਾ ਗਿਆ ਕਿ 2013 ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਨਾਲ 1991 ਦਾ ਭੁਗਤਾਨ ਸੰਤੁਲਨ ਸੰਕਟ ਇਕ ਵਾਰ ਮੁੜ ਪੈਦਾ ਹੋਣ ਦਾ ਖ਼ਦਸ਼ਾ ਹੋ ਗਿਆ ਸੀ। ਯੂਪੀਏ ਸਰਕਾਰ ਸਮੇਂ 2013 ’ਚ ਵਿਦੇਸ਼ੀ ਮੁਦਰਾ ਭੰਡਾਰ ਸਿਰਫ਼ ਛੇ ਮਹੀਨੇ ਦੀ ਦਰਾਮਦ ਲਈ ਹੀ ਸੀ। ਵ੍ਹਾਈਟ ਪੇਪਰ ’ਚ ਕਿਹਾ ਗਿਆ ਕਿ ਮੋਦੀ ਸਰਕਾਰ ਨੇ ਵਿਆਪਕ ਆਰਥਿਕ ਬਿਹਤਰੀ ਲਈ ਸਖ਼ਤ ਫ਼ੈਸਲੇ ਲੈਣ ਦੀ ਜ਼ਰੂਰਤ ਨੂੰ ਸਮਝਿਆ। ਦਸਤਾਵੇਜ਼ ’ਚ ਕਿਹਾ ਗਿਆ ਕਿ ਪਿਛਲੇ 10 ਸਾਲਾਂ ਦੇ ਕੰਮਕਾਰ ਨੂੰ ਦੇਖਦਿਆਂ ਉਹ ਇਹ ਆਖ ਸਕਦੇ ਹਨ ਕਿ ਪਿਛਲੀ ਸਰਕਾਰ ਵੱਲੋਂ ਛੱਡੀਆਂ ਗਈਆਂ ਚੁਣੌਤੀਆਂ ’ਤੇ ਸਰਕਾਰ ਨੇ ਸਫ਼ਲਤਾਪੂਰਬਕ ਕਾਬੂ ਪਾ ਲਿਆ ਹੈ। -ਪੀਟੀਆਈ

Advertisement

ਮੋਦੀ ਵੱਲੋਂ ਮਨਮੋਹਨ ਸਿੰਘ ਦੀ ਸ਼ਲਾਘਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ’ਚ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 8 ਫਰਵਰੀ
ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਮੈਂਬਰਾਂ ਨੂੰ ਵਿਦਾਇਗੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਉਪਰਲੇ ਸਦਨ ਅਤੇ ਦੇਸ਼ ਦੀ ਤਰੱਕੀ ’ਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੇ ਲੰਬੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮਨਮੋਹਨ ਸਿੰਘ ਵੋਟ ਪਾਉਣ ਲਈ ਰਾਜ ਸਭਾ ’ਚ ਉਚੇਚੇ ਤੌਰ ’ਤੇ ਵ੍ਹੀਲਚੇਅਰ ’ਤੇ ਆਏ ਸਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਆਸ ਜਤਾਈ ਕਿ ਉਹ ਇਸ ‘ਸਦੀਵੀ ਯੂਨੀਵਰਸਿਟੀ’ ’ਚੋਂ ਸਿੱਖ ਕੇ ਨਵੀਆਂ ਪੁਲਾਂਘਾਂ ਪੁੱਟਣਗੇ। ਮੋਦੀ ਨੇ ਇਹ ਵੀ ਆਸ ਜਤਾਈ ਕਿ ਦੇਸ਼ ਅਤੇ ਨਵੀਂ ਪੀੜ੍ਹੀ ਉਨ੍ਹਾਂ ਦੇ ਤਜਰਬਿਆਂ ਤੋਂ ਲਾਹਾ ਲੈਣਗੇ। ਪ੍ਰਧਾਨ ਮੰਤਰੀ ਨੇ ਕਿਹਾ,‘‘ਉਹ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਚੇਚੇ ਤੌਰ ’ਤੇ ਯਾਦ ਕਰਨਾ ਚਾਹੁਣਗੇ। ਉਹ ਇਸ ਸਦਨ ਦੇ ਛੇ ਵਾਰ ਮੈਂਬਰ ਰਹੇ ਅਤੇ ਉਨ੍ਹਾਂ ਆਪਣੇ ਬੇਸ਼ਕੀਮਤੀ ਵਿਚਾਰਾਂ ਨਾਲ ਸਦਨ ’ਚ ਵੱਡਾ ਯੋਗਦਾਨ ਪਾਇਆ ਹੈ। ਜਦੋਂ ਵੀ ਸਾਡੇ ਲੋਕਤੰਤਰ ਦੀ ਗੱਲ ਹੋਵੇਗੀ ਤਾਂ ਉਹ ਉਨ੍ਹਾਂ ਕੁਝ ਸਨਮਾਨਿਤ ਮੈਂਬਰਾਂ ’ਚ ਸ਼ੁਮਾਰ ਹੋਣਗੇ ਜਿਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।’’ ਡਾਕਟਰ ਮਨਮੋਹਨ ਸਿੰਘ ਪਹਿਲੀ ਵਾਰ ਅਕਤੂਬਰ 1991 ’ਚ ਰਾਜ ਸਭਾ ਲਈ ਚੁਣ ਕੇ ਆਏ ਸਨ ਅਤੇ ਉਹ ਵਿੱਤ ਮੰਤਰੀ ਬਣੇ ਸਨ। ਇਸ ਮਗਰੋਂ ਉਹ 1995, 2001, 2007, 2013 ਅਤੇ 2019 ’ਚ ਰਾਜ ਸਭਾ ਲਈ ਚੁਣੇ ਗਏ। ਇਸ ਸਮੇਂ ਉਹ ਰਾਜਸਥਾਨ ਤੋਂ ਸਦਨ ਦੇ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 3 ਅਪਰੈਲ ਨੂੰ ਖ਼ਤਮ ਹੋਵੇਗਾ। ਉਹ ਮਈ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ ਅਤੇ 21 ਮਾਰਚ, 1998 ਤੋਂ 21 ਮਈ, 2004 ਤੱਕ ਉਹ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਸਨ। ਮੋਦੀ ਨੇ ਦੋਵੇਂ ਸਦਨਾਂ ਦੇ ਮੌਜੂਦਾ ਅਤੇ ਭਵਿੱਖ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੀਨੀਅਰ ਅਤੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਜੀਵਨ ਤੋਂ ਸਬਕ ਲੈਣ। ਉਨ੍ਹਾਂ ਕਰੋਨਾਵਾਇਰਸ ਦੌਰਾਨ ਮੈਂਬਰਾਂ ਵੱਲੋਂ ਜਾਨ ਜੋਖਮ ’ਚ ਪਾ ਕੇ ਨਿਭਾਈ ਗਈ ਜ਼ਿੰਮੇਵਾਰੀ ਲਈ ਮੈਂਬਰਾਂ ਦੀ ਸ਼ਲਾਘਾ ਵੀ ਕੀਤੀ। ਰਾਜ ਸਭਾ ਦੇ 68 ਮੈਂਬਰ ਫਰਵਰੀ ਅਤੇ ਮਈ ਦਰਮਿਆਨ ਕਾਰਜਕਾਲ ਮੁਕੰਮਲ ਹੋਣ ’ਤੇ ਸੇਵਾਮੁਕਤ ਹੋ ਰਹੇ ਹਨ। ਇਸ ਦੌਰਾਨ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਣਪ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵੀ ਜਨ ਸੇਵਾ ਤੋਂ ਰਿਟਾਇਰ ਨਹੀਂ ਹੁੰਦਾ ਹੈ ਅਤੇ ਮੈਂਬਰ ਹੁਣ ਜਨਤਕ ਜੀਵਨ ’ਚ ਸਰਗਰਮ ਭੂਮਿਕਾ ਨਿਭਾਉਣਗੇ। ਸਦਨ ਦੇ ਆਗੂ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਕੰਮਾਂ ਰਾਹੀਂ ਲੋਕਾਂ ਦੇ ਦਿਲ ਜਿੱਤਣੇ ਚਾਹੀਦੇ ਹਨ। -ਪੀਟੀਆਈ

ਦੇਸ਼ ਦੇ ਵਿਕਾਸ ਨੂੰ ਨਜ਼ਰ ਨਾ ਲੱਗੇ, ਕਾਲਾ ਟਿੱਕਾ ਜ਼ਰੂਰੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ‘ਅਸ਼ਵੇਤ ਪੱਤਰ’ ਜਾਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਨੂੰ ਨਜ਼ਰ ਨਾ ਲੱਗੇ ਇਸ ਲਈ ‘ਕਾਲਾ ਟਿੱਕਾ’ ਬਹੁਤ ਜ਼ਰੂਰੀ ਹੁੰਦਾ ਹੈ। ਰਾਜ ਸਭਾ ’ਚ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਮੌਕੇ ਉਪਰਲੇ ਸਦਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਸਰਕਾਰ ਖ਼ਿਲਾਫ਼ ‘ਬਲੈਕ ਪੇਪਰ’ ਲਿਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਵਿਰੋਧੀ ਮੈਂਬਰਾਂ ਵੱਲੋਂ ਪਹਿਨੇ ਜਾਣ ਵਾਲੇ ਕਾਲੇ ਕੱਪੜਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਜ ਸਭਾ ’ਚ ਫੈਸ਼ਨ ਪਰੇਡ ਵੀ ਦੇਖੀ ਸੀ ਜਿਸ ’ਚ ਕੁਝ ਮੈਂਬਰ ਕਾਲੇ ਕੱਪੜਿਆਂ ’ਚ ਆਏ ਸਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰ ਰਹੇ ਸਨ ਕਿ ਮੈਂਬਰ ਕਾਲੇ ਕੱਪੜੇ ਪਹਿਨ ਕੇ ਆਉਣਗੇ ਪਰ ਉਸ ਦੀ ਬਜਾਏ ਬਲੈਕ ਪੇਪਰ ਆ ਗਿਆ। -ਪੀਟੀਆਈ

ਬਿੱਲ ਕਾਹਲੀ ’ਚ ਪਾਸ ਨਾ ਕਰਵਾਏ ਜਾਣ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਬਿੱਲਾਂ ਨੂੰ ਕਾਹਲੀ ’ਚ ਪਾਸ ਨਾ ਕਰਵਾਏ ਅਤੇ ਪੂਰੀ ਪੜਤਾਲ ਮਗਰੋਂ ਹੀ ਉਨ੍ਹਾਂ ਨੂੰ ਪਾਸ ਕੀਤਾ ਜਾਵੇ। ਰਾਜ ਸਭਾ ਮੈਂਬਰਾਂ ਦੀ ਵਿਦਾਇਗੀ ਮੌਕੇ ਦਿੱਤੇ ਭਾਸ਼ਨ ’ਚ ਖੜਗੇ ਨੇ ਸਾਬਕਾ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਬਿਆਨ ਦਾ ਜ਼ਿਕਰ ਕੀਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜਲਦਬਾਜ਼ੀ ’ਚ ਕਾਨੂੰਨ ਬਣਾਉਣ ਤੋਂ ਰੋਕਣ ਲਈ ਸੰਸਦ ਦਾ ਦੂਜਾ ਚੈਂਬਰ (ਰਾਜ ਸਭਾ) ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਬਿੱਲ ਪਾਸ ਕੀਤੇ ਜਾ ਰਹੇ ਹਨ ਅਤੇ ਇੰਜ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਨੂੰ ਸਦਨ ’ਚ ਮੁੱਦੇ ਚੁੱਕਣ ਲਈ ਢੁੱਕਵਾਂ ਸਮਾਂ ਨਹੀਂ ਦਿੱਤਾ ਜਾਂਦਾ ਹੈ। ਖੜਗੇ ਦੇ ਭਾਸ਼ਨ ਸਮੇਂ ਸਦਨ ’ਚ ਹਾਸੇ ਦੇ ਵੀ ਕੁਝ ਪਲ ਦੇਖਣ ਨੂੰ ਮਿਲੇ ਜਦੋਂ ਉਨ੍ਹਾਂ ਜਨਤਾ ਦਲ (ਸੈਕੁਲਰ) ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ ਨਾਲ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਮੇਸ਼ਾ ਧਰਮਨਿਰਪੱਖਤਾ, ਸਮਾਜਵਾਦ ਅਤੇ ਕਿਸਾਨਾਂ ਪ੍ਰਤੀ ਪੂਰਾ ਜੀਵਨ ਬਿਤਾਉਣ ਵਾਲੇ ਦੇਵੇਗੌੜਾ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਉਹ ਅਚਾਨਕ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਵਕੜੀ ਪਾ ਕੇ ਉਨ੍ਹਾਂ ਦੀ ਸ਼ਲਾਘਾ ਕਰਨ ਲੱਗ ਪਏ ਹਨ। ਉਧਰ ਦੇਵੇਗੌੜਾ ਨੇ ਕਾਂਗਰਸ ’ਚ ਹਾਈਕਮਾਨ ਸੱਭਿਆਚਾਰ ’ਤੇ ਵਰ੍ਹਦਿਆਂ ਖੜਗੇ ਨੂੰ ਸਵਾਲ ਕੀਤਾ ਕਿ ਜੇਕਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਤਾਂ ਕੀ ਪਾਰਟੀ ਉਸ ਨੂੰ ਸਹਿਣ ਕਰੇਗੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×