For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਪੱਛਮੀ ਗੜਬੜੀ ਕਾਰਨ ਅੱਜ ਬਦਲ ਸਕਦੈ ਮੌਸਮ ਦਾ ਮਿਜ਼ਾਜ

07:45 AM Jun 04, 2024 IST
ਪੰਜਾਬ ’ਚ ਪੱਛਮੀ ਗੜਬੜੀ ਕਾਰਨ ਅੱਜ ਬਦਲ ਸਕਦੈ ਮੌਸਮ ਦਾ ਮਿਜ਼ਾਜ
ਬਠਿੰਡਾ ਵਿਚ ਸੋਮਵਾਰ ਨੂੰ ਗਰਮੀ ਤੋਂ ਬਚਣ ਲਈ ਆਪਣਾ ਸਿਰ-ਮੂੰਹ ਢਕ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 3 ਜੂਨ
ਗਰਮ ਹਵਾਵਾਂ ਦਾ ਦੌਰ ਅੱਜ ਵੀ ਪੂਰਾ ਦਿਨ ਜਾਰੀ ਰਿਹਾ। ਅੱਜ ਬਠਿੰਡਾ ਦਾ ਤਾਪਮਾਨ 43.8, ਫ਼ਰੀਦਕੋਟ ਦਾ 42.5, ਬਰਨਾਲਾ ਦਾ 42.6, ਫ਼ਿਰੋਜ਼ਪੁਰ ਦਾ 42.9 ਜਦਕਿ ਸਮਰਾਲਾ ਦਾ ਪੰਜਾਬ ’ਚ ਸਭ ਤੋਂ ਵੱਧ 44.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ 4 ਜੂਨ ਨੂੰ ਮੌਸਮ ਦਾ ਮਿਜ਼ਾਜ ਬਦਲੇਗਾ। ਪੰਜਾਬ ਦੇ ਨਾਲ ਲੱਗਦੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਇਸ ਦਾ ਅਸਰ ਰਹੇਗਾ। 4 ਤੋਂ 7 ਜੂਨ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਹਨ੍ਹੇਰੀ, ਝੱਖੜ ਅਤੇ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ। ਪੰਜਾਬ ਦੇ 70 ਕੁ ਫੀਸਦੀ ਏਰੀਏ ’ਚ ਹਲਕੀ ਤੋਂ ਦਰਮਿਆਨੀ ਜਦ ਕਿ ਬਾਕੀ ਥਾਈਂ ਭਰਵੀਂ ਬਾਰਿਸ਼ ਹੋਣ ਦੇ ਆਸਾਰ ਹਨ। ਕੁਝ ਕੁ ਥਾਵਾਂ ’ਤੇ ਇਨ੍ਹਾਂ ਚਾਰ ਦਿਨਾਂ ਦੌਰਾਨ ਇੱਕ ਤੋਂ ਦੋ ਵਾਰ ਵੀ ਮੀਂਹ ਦੀ ਝੱਟ ਲੱਗ ਸਕਦੀ ਹੈ।
ਵੇਰਵਿਆਂ ਮੁਤਾਬਿਕ 9-10 ਜੂਨ ਤੋਂ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਗਰਮੀ ਰਹੇਗੇ, ਜੋ 20 ਜੂਨ ਤੱਕ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਪ੍ਰੀ-ਮੌਨਸੂਨ ਦੀ ਪੰਜਾਬ ’ਚ ਆਮਦ ਹੋਣ ਨਾਲ ਪਾਰੇ ’ਚ ਗਿਰਾਵਟ ਆਵੇਗੀ, ਜੋ ਮੌਨਸੂਨ ਦੇ ਆਉਣ ਤੱਕ ਸਥਿਰ ਰਹਿਣ ਦੇ ਆਸਾਰ ਹਨ। ਵਿਸ਼ੇਸ਼ ਪੱਖ ਇਹ ਹੈ ਕਿ ਇਨ੍ਹਾਂ ਦਿਨਾਂ ’ਚ ਦਿਨ ਸਮੇਂ ਨਮੀ ਦੀ ਮਾਤਰਾ ’ਚ ਵਾਧਾ ਹੋਇਆ ਹੈ ਜਿਸ ਨਾਲ ਪਸੀਨੇ ਵਾਲੀ ਗਰਮੀ ਹੋਣ ਲੱਗੀ ਹੈ। ਇਸ ਤੋ ਪਹਿਲਾਂ ਖ਼ੁਸ਼ਕ ਹਵਾਵਾਂ ’ਚੋਂ ਨਿਕਲੀ ਲੂ ਤਨ ਨੂੰ ਝੁਲਸਾਉਂਦੀ ਸੀ ਪਰ ਹੁਣ ਤਨ ’ਤੇ ਪਹਿਨੇ ਕੱਪੜੇ ਮੁੜ੍ਹਕੇ ਨਾਲ ਗਿੱਲੇ ਹੋਣ ਲੱਗੇ ਹਨ। ਅਗਲੇ ਦਿਨੀਂ ਜੇਕਰ ਮੀਂਹ ਪੈਂਦਾ ਹੈ ਤਾਂ ਹਵਾ ’ਚ ਨਮੀ ਦੀ ਮਾਤਰਾ ’ਚ ਹੋਰ ਇਜ਼ਾਫ਼ਾ ਹੋਵੇਗਾ ਜਿਸ ਨਾਲ ਚਿਪਚਿਪੀ ਤੇ ਹੁੰਮਸ ਵਾਲੀ ਗਰਮੀ ਜ਼ੋਰ ਫੜੇਗੀ।

Advertisement

ਮੋਟਰਾਂ ਦੀ ਬਿਜਲੀ ਸਪਲਾਈ ਵਿੱਚ 4 ਘੰਟੇ ਦੀ ਕਟੌਤੀ

ਮਾਨਸਾ (ਪੱਤਰ ਪ੍ਰੇਰਕ): ਪੰਜਾਬ ਵਿੱਚ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਦਿੱਤੀ ਜਾਣ ਵਾਲੀ ਬਿਜਲੀ ਵਿੱਚ 4 ਘੰਟਿਆਂ ਦੀ ਅਚਾਨਕ ਕਟੌਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਜੇਠ ਮਹੀਨੇ ਦੀ ਤੱਪਦੀ ਧੁੱਪ ’ਚ ਸੜ ਰਹੀਆਂ ਫ਼ਸਲਾਂ ਨੂੰ ਬਚਾਉਣਾ ਔਖਾ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ’ਚ ਕਟੌਤੀ ਅਗੇਤੀ ਝੋਨੇ ਦੀ ਲੁਆਈ ਨੂੰ ਲੈ ਕੇ ਕੀਤੀ ਗਈ ਹੈ। ਦੂਜੇ ਪਾਸੇ ਨਹਿਰਾਂ ਵਿੱਚ ਪੂਰਾ ਪਾਣੀ ਨਾ ਛੱਡਣ ਕਾਰਨ ਵੀ ਕਿਸਾਨਾਂ ਨੂੰ ਤਪਦੇ ਮੌਸਮ ਵਿੱਚ ਪਾਣੀ ਦੀ ਘਾਟ ਰੜਕਣ ਲੱਗੀ ਹੈ।
ਪੰਜਾਬ ਕਿਸਾਨ ਯੂਨੀਅਨ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਪੋਲ ਹੋਈਆਂ ਵੋਟਾਂ ਦਾ ਗੁੱਸਾ ਹੁਣ ਪੰਜਾਬ ਸਰਕਾਰ ਅੰਨਦਾਤਾ ’ਤੇ ਕੱਢਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਅਚਾਰ ਵਾਲੀ ਮੱਕੀ, ਸਬਜ਼ੀਆਂ, ਝੋਨੇ ਦੀ ਪਨੀਰੀ ਵਗੈਰਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਚਾਰ ਘੰਟਿਆਂ ਨਾਲ ਮੱਕੀ, ਨਰਮਾ, ਮੂੰਗੀ ਦਾ ਇਕ ਏਕੜ ਰਕਬੇ ਨੂੰ ਪਾਣੀ ਵੀ ਨਹੀਂ ਲੱਗਦਾ ਹੈ ਜਦੋਂ ਕਿ ਨਹਿਰੀ ਪਾਣੀ ਦੀ ਵਾਰੀ ਇੱਕ ਹਫ਼ਤੇ ਬਾਅਦ ਆਉਂਦੀ ਹੈ। ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਅੱਠ ਘੰਟਿਆਂ ਤੋਂ ਵੱਧ ਬਿਜਲੀ ਦਿੱਤੀ ਜਾਣੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਅਧਿਕਾਰੀ ਨੇ ਦੱਸਿਆ ਕਿ ਭਾਰੀ ਗਰਮੀ ਵਾਲੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ।

Advertisement
Author Image

Advertisement
Advertisement
×