For the best experience, open
https://m.punjabitribuneonline.com
on your mobile browser.
Advertisement

ਰੇਲ ਗੱਡੀਆਂ ਦੇ ਹਾਦਸੇ ਕਾਰਨ ਰੇਲਵੇ ਸਟੇਸ਼ਨ ’ਤੇ ਯਾਤਰੀ ਪ੍ਰੇਸ਼ਾਨ

07:13 AM Jun 03, 2024 IST
ਰੇਲ ਗੱਡੀਆਂ ਦੇ ਹਾਦਸੇ ਕਾਰਨ ਰੇਲਵੇ ਸਟੇਸ਼ਨ ’ਤੇ ਯਾਤਰੀ ਪ੍ਰੇਸ਼ਾਨ
ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਐਤਵਾਰ ਨੂੰ ਰੇਲ ਗੱਡੀਆਂ ਦੀ ਉਡੀਕ ਕਰਦੇ ਹੋਏ ਮੁਸਾਫਿਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਸਰਹਿੰਦ ਨੇੜੇ ਅੱਜ ਵਾਪਰੇ ਰੇਲ ਗੱਡੀਆਂ ਦੇ ਹਾਦਸੇ ਕਾਰਨ ਭਾਵੇਂ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਪਰ ਇਸ ਹਾਦਸੇ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਖੜ੍ਹੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਕਾਰਨ ਕਈ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਬਹੁਤ ਦੇਰੀ ਨਾਲ ਪਹੁੰਚੀਆਂ।
ਅੰਬਾਲਾ ਡਿਵੀਜ਼ਨ ਦੇ ਸਾਧੂਗੜ੍ਹ-ਸਰਹਿੰਦ ਟਰੈਕ ’ਤੇ ਰੇਲ ਗੱਡੀ ਹਾਦਸੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਅੰਬਾਲਾ ਤੋਂ ਲੁਧਿਆਣਾ ਆਉਣ ਵਾਲੀਆਂ ਗੱਡੀਆਂ ਨੰਬਰ 04503 ਅਤੇ 04579 ਰੱਦ ਕਰ ਦਿੱਤੀਆਂ ਗਈਆਂ। ਹਾਦਸੇ ਕਾਰਨ ਅੰਮ੍ਰਿਤਸਰ ਤੋਂ ਇੰਦੌਰ, ਜਲੰਧਰ ਸਿਟੀ ਤੋਂ ਨਵੀਂ ਦਿੱਲੀ, ਕੱਟੜਾ ਤੋਂ ਨਵੀਂ ਦਿੱਲੀ, ਦਰਬੰਗਾਂ ਤੋਂ ਜਲੰਧਰ ਸਿਟੀ, ਅੰਮ੍ਰਿਤਸਰ ਤੋਂ ਨੰਦੇੜ, ਅੰਮ੍ਰਿਤਸਰ ਤੋਂ ਨਵੀਂ ਦਿੱਲੀ, ਅੰਮ੍ਰਿਤਸਰ ਤੋਂ ਹਰਿਦੁਆਰ ਆਦਿ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਦਰਜਨਾਂ ਗੱਡੀਆਂ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਰੇਲ ਗੱਡੀਆਂ ਨਾ ਆਉਣ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਵਧ ਗਈ। ਦੁਪਹਿਰ ਸਮੇਂ ਗਰਮੀ ਵੱਧ ਹੋਣ ਕਰ ਕੇ ਰੇਲਵੇ ਸਟੇਸ਼ਨ ’ਤੇ ਯਾਤਰੀ ਠੰਢੇ ਪਾਣੀ ਲਈ ਤਰਸਦੇ ਰਹੇ। ਜਿਨ੍ਹਾਂ ਨੂੰ ਪਾਣੀ ਮਿਲਿਆ ਵੀ, ਉਨ੍ਹਾਂ ਨੂੰ ਵੀ ਕਾਫੀ ਖੱਜਲ-ਖੁਆਰ ਹੋਣਾ ਪਿਆ। ਇਸ ਦੌਰਾਨ ਯਾਤਰੀਆਂ ਦੇ ਨਾਲ ਨਾਲ ਉਨ੍ਹਾਂ ਦੇ ਛੋਟੇ ਬੱਚੇ ਵੱਧ ਖੱਜਲ ਹੋਏ। ਕਈ ਲੋਕ ਰੇਲ ਗੱਡੀਆਂ ਉਡੀਕਦੇ ਇੰਨੇ ਥੱਕ ਗਏ ਕਿ ਉਹ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਹੀ ਫਰਸ਼ ’ਤੇ ਲੇਟ ਗਏ। ਦੂਜੇ ਪਾਸੇ ਰੇਲ ਯਾਤਰੀਆਂ ਦੀ ਸਹੂਲਤ ਲਈ ਵਿਭਾਗ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸਿਟੀ, ਪਠਾਨਕੋਟ, ਜੰਮੂ ਤਵੀ, ਸ੍ਰੀ ਮਾਤਾ ਵੈਸ਼ਨੂ ਦੇਵੀ ਕੱਟੜਾ ਅਤੇ ਫਿਰੋਜ਼ਪੁਰ ਕੈਂਟ ਆਦਿ ਰੇਲਵੇ ਸਟੇਸ਼ਨਾਂ ਦੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ। ਹੋਰ ਤਾਂ ਹੋਰ ਗੱਡੀਆਂ ਦੇ ਸਮੇਂ ਅਤੇ ਰੂਟ ਵਿੱਚ ਤਬਦੀਲੀ ਬਾਰੇ ਜਾਣਕਾਰੀ ਉਪਲੱਬਧ ਕਰਵਾਉਣ ਦੇ ਨਾਲ ਨਾਲ ਰੀਫੰਡ ਲਈ ਕਾਊਂਟਰ ਵੀ ਖੋਲ੍ਹੇ ਗਏ।

Advertisement

Advertisement
Advertisement
Author Image

Advertisement