For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੁਆਰ

07:30 PM Jun 29, 2023 IST
ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੁਆਰ
Advertisement

ਸਤਵਿੰਦਰ ਬਸਰਾ

Advertisement

ਲੁਧਿਆਣਾ, 27 ਜੂਨ

ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬਸ, ਪੀਆਰਟੀਸੀ ਕੰਟਰੈਕਚੁਲ ਯੂਨੀਅਨ ਦੀ ਅਗਵਾਈ ਵਿੱਚ ਸਵੇਰੇ 4 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਹੜਤਾਲ ਕੀਤੀ। ਇਸ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਟਰੈਕਟ ਕਾਮਿਆਂ ਵੱਲੋਂ ਸ਼ਾਮ ਨੂੰ ਮੰਗਾਂ ਮੰਨਣ ਸਬੰਧੀ ਹੋਏ ਇਕ ਸਮਝੌਤੇ ਤੋਂ ਬਾਅਦ ਬੱਸ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਹੜਤਾਲ ਕਾਰਨ ਸਰਕਾਰੀ ਬੱਸਾਂ, ਬੱਸ ਸਟੈਂਡ ਤੋਂ ਬਾਹਰ ਨਹੀਂ ਗਈਆਂ, ਜਿਸ ਕਰ ਕੇ ਸਵਾਰੀਆਂ ਨੂੰ ਭਾਰੀ ਸਾਮਾਨ ਚੁੱਕ ਕੇ ਬਸ ਸਟੈਂਡ ਤੋਂ ਬਾਹਰ ਆਉਣਾ ਪਿਆ ਅਤੇ ਆਪੋ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪ੍ਰਾਈਵੇਟ ਬੱਸਾਂ ਵਿੱਚ ਵੱਧ ਪੈਸੇ ਵੀ ਖਰਚ ਕਰਨੇ ਪਏ। ਹੜਤਾਲ ‘ਤੇ ਬੈਠੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਡਿਪੂ ਪ੍ਰਧਾਨ ਸਤਨਾਮ ਸਿੰਘ, ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਵੜੈਚ, ਸੁਖਦੇਵ ਸਿੰਘ ਨੇ ਮੰਗ ਕੀਤੀ ਕਿ ਕਿਲੋਮੀਟਰ ਸਕੀਮ ਹੇਠ ਪਾਈਆਂ ਬੱਸਾਂ ਬੰਦ ਹੋਣ ਕਰ ਕੇ ਪੀਆਰਟੀਸੀ ਵਿੱਚ ਰੱਖੀਆਂ ਜਾਣ, ਕੱਢੇ ਗਏ ਮੁਲਾਜ਼ਮਾਂ ਨੂੰ ਸ਼ਰਤਾਂ ਵਿੱਚ ਨਰਮੀ ਕਰ ਕੇ ਬਹਾਲ ਕੀਤਾ ਜਾਵੇ, ਤਨਖਾਹ ਵਿੱਚ ਸਲਾਨਾ 5 ਫੀਸਦੀ ਵਾਧਾ ਦਿੱਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਉਕਤ ਮੰਗਾਂ ਵਿੱਚੋਂ ਬਹੁਤੀਆਂ ਮੰਗਾਂ ‘ਤੇ ਸਰਕਾਰ ਨੇ ਤਾਂ ਸਹਿਮਤੀ ਪ੍ਰਗਟਾਈ ਹੋਈ ਹੈ ਪਰ ਟਰਾਂਸਪੋਰਟ ਵਿਭਾਗ ਪੰਜਾਬ ਦੀ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਵੀ ਲਾਗੂ ਕਰਨ ਲਈ ਤਿਆਰ ਨਹੀਂ ਹੈ। ਇਸ ਕਰ ਕੇ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਹੜਤਾਲਾਂ ਕਰ ਕੇ ਉਨ੍ਹਾਂ ਦਾ ਮਕਸਦ ਸਵਾਰੀਆਂ ਨੂੰ ਖੱਜਲ-ਖੁਆਰ ਕਰਨਾ ਨਹੀਂ ਹੈ ਪਰ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਵੀ ਲੰਮੇ ਸਮੇਂ ਸੰਘਰਸ਼ ਕਰਦੇ ਆ ਰਹੇ ਹਨ। ਕਰੀਬ 65 ਹਜ਼ਾਰ ਮੁਲਾਜ਼ਮਾਂ ਨੇ ਅੱਜ ਸੂਬੇ ਭਰ ਵਿੱਚ ਹੜਤਾਲ ਕੀਤੀ ਹੈ।

ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਪ੍ਰੋਗਰਾਮ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਰੱਖਿਆ ਹੋਇਆ ਸੀ ਜੋ ਟਰਾਂਸਪੋਰਟ ਸੈਕਟਰੀ ਨਾਲ ਅੱਜ ਦੁਪਹਿਰੇ ਖਤਮ ਹੋਈ ਮੀਟਿੰਗ ‘ਚ ਮਿਲੇ ਭਰੋਸੇ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ।

Advertisement
Tags :
Advertisement
Advertisement
×