ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਦੀਆਂ ਮੁਸ਼ਕਲਾਂ ਵਧੀਆਂ
ਮਨੋਜ ਸ਼ਰਮਾ
ਬਠਿੰਡਾ, 13 ਸਤੰਬਰ
ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਵਿੱਚ ਅੱਜ 5ਵੇਂ ਦਿਨ ਵੀ ਮੈਡੀਕਲ ਸੇਵਾਵਾਂ ਠੱਪ ਰਹੀਆਂ। ਹਸਪਤਾਲ ਦੀ ਓਪੀਡੀ ਮੁਕੰਮਲ ਬੰਦ ਰਹੀ ਜਿਸ ਕਾਰਨ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਏ ਮਰੀਜ਼ਾਂ ਨੂੰ ਖਾਲੀ ਹੱਥ ਮੁੜਨਾ ਪਿਆ। ਗੌਰਤਲਬ ਹੈ ਕਿ 9 ਸਤੰਬਰ ਤੋਂ ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ ’ਤੇ ਹਨ। ਬੀਤੇ ਦਿਨੀਂ ਸਿਹਤ ਮੰਤਰੀ ਪੰਜਾਬ ਨਾਲ ਡਾਕਟਰ ਜਥੇਬੰਦੀ ਦੇ ਸਟੇਟ ਬਾਡੀ ਵੱਲੋਂ ਮੀਟਿੰਗ ਕੀਤੀ ਗਈ ਸੀ ਪਰ ਮਾਮਲਾ ਸਿਰੇ ਨਾ ਲੱਗਣ ਕਾਰਨ ਡਾਕਟਰਾਂ ਨੇ 15 ਸਤੰਬਰ ਤੱਕ ਓਪੀਡੀ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ। ਹੜਤਾਲ ਦੇ ਸ਼ੁਰੂਆਤ ਦੌਰ ਵਿੱਚ ਪੰਜਾਬ ਸਰਕਾਰ ਵੱਲੋਂ ਡਾਕਟਰ ਸਤਪਾਲ ਸਿੰਘ ਅਤੇ ਸਾਹਸ ਜਿੰਦਲ ਦਾ ਗਿੱਦੜਬਾਹਾ ਵਿੱਚ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਭੜਕੇ ਡਾਕਟਰਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਗੇਟ ਰੈਲੀ ਕੀਤੀ ਜਿਸ ਵਿੱਚ ਪੈਰਾਮੈਡੀਕਲ ਯੂਨੀਅਨ ਤੋਂ ਇਲਾਵਾ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਡਾਕਟਰਾਂ ਦੀ ਭਖਦੀਆਂ ਮੰਗਾਂ ਸਮੇਤ ਬਦਲੀਆਂ ਰੱਦ ਕਰਨ ਦੀ ਮੰਗ ਕੀਤੀ। ਡਾਕਟਰ ਜਥੇਬੰਦੀ ਦੇ ਪ੍ਰਧਾਨ ਡਾ. ਜਗਰੂਪ ਸਿੰਘ, ਡਾ. ਸਤਪਾਲ, ਡਾ. ਹਰਸ਼ਿਤ ਅਤੇ ਪੈਰਾਮੈਡੀਕਲ ਯੂਨੀਅਨ ਦੇ ਆਗੂ ਗਗਨਦੀਪ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਡਾਕਟਰਾਂ ਦੇ ਤਬਾਦਲੇ ਕਰ ਕੇ ਉਨ੍ਹਾਂ ਦੇ ਸੰਘਰਸ਼ ਨੂੰ ਖੁੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੇਰ ਸ਼ਾਮ ਨਵੇਂ ਆਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਬਠਿੰਡਾ ਦੇ ਸਿਵਲ ਸਰਜਨ ਰਮਨਦੀਪ ਸਿੰਗਲਾ ਸਮੇਤ 7 ਡਾਕਟਰਾਂ ਦੇ ਵਫ਼ਦ ਨੇ ਮੀਟਿੰਗ ਕੀਤੀ ਪਰ ਮੀਟਿੰਗ ਬੇਸਿੱਟਾ ਰਹੀ। ਬਠਿੰਡਾ ਡਾਕਟਰ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਡੀਸੀ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪੀਸੀਐੱਮਐੱਸ ਦੀ ਸਟੇਟ ਬਾਡੀ ਦੇ ਫ਼ੈਸਲੇ ਮੁਤਾਬਿਕ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਅੱਜ ਦੂਜੇ ਦਿਨ ਮੁਕੰਮਲ ਬੰਦ ਰਹੀਆਂ। ਭਾਵੇਂ ਅਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ ਹੈ, ਪਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਵੰਨੀਓ ਮਰੀਜ਼ਾਂ ਵਿਕਲਦੇ ਰਹੇ। ਜ਼ਿਲ੍ਹਾ ਆਗੂ ਡਾ. ਸ਼ੁਭਮ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ-ਮਸਲਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਰਕਾਰ ਵੱਲੋਂ ਕੋਈ ਹੱਲ ਜਾਂ ਕਿਸੇ ਮੀਟਿੰਗ ’ਚ ਡਾਕਟਰਾਂ ਨੂੰ ਨਾ ਬੁਲਾਉਣ ’ਤੇ ਹੜਤਾਲ ਜਾਰੀ ਰਹੀ, ਜਿਸਦਾ ਵਿਆਪੀ ਅਸਰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਹੁਣ ਮਰੀਜ਼ਾਂ ਦੀਆਂ ਦਵਾਈਆਂ ਮੁੱਕਦੀਆਂ ਜਾ ਰਹੀਆਂ ਹਨ।