For the best experience, open
https://m.punjabitribuneonline.com
on your mobile browser.
Advertisement

ਪੋਲਿੰਗ ਦੀ ਸੁਸਤ ਰਫਤਾਰ ਕਾਰਨ ਕਈ ਥਾਈਂ ਵੋਟਰ ਹੋਏ ਪ੍ਰੇਸ਼ਾਨ

08:46 AM Oct 16, 2024 IST
ਪੋਲਿੰਗ ਦੀ ਸੁਸਤ ਰਫਤਾਰ ਕਾਰਨ ਕਈ ਥਾਈਂ ਵੋਟਰ ਹੋਏ ਪ੍ਰੇਸ਼ਾਨ
ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਵਾਰੀ ਦੀ ਉਡੀਕ ਕਰਦੀਆਂ ਹੋਈਆਂ ਔਰਤਾਂ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ
ਬਲਾਕ ਸੁਨਾਮ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਵੇਂ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਸਵੇਰੇ ਨਿਯਮਤ ਸਮੇਂ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ’ਤੇ ਆ ਕੇ ਲਾਈਨਾਂ ਵਿੱਚ ਲੱਗ ਗਏ ਪਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੋਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਥੇ ਅੱਜ ਸਵੇਰ ਤੋਂ ਹੀ ਵੋਟਿੰਗ ਦੀ ਸੁਸਤ ਰਫਤਾਰ ਇਸ ਕਦਰ ਵੇਖਣ ਨੂੰ ਮਿਲੀ ਕਿ ਪੋਲਿੰਗ ਦਾ ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਈ ਪਿੰਡਾਂ ’ਚ ਪੱਚੀ ਫੀਸਦੀ ਵੋਟ ਵੀ ਨਾ ਭੁਗਤ ਸਕੀ ਸੀ। ਬਹੁਤ ਸਾਰੇ ਪੋਲਿੰਗ ਬੂਥਾਂ ’ਤੇ ਛਾਂ ਅਤੇ ਪੀਣ ਵਾਲੇ ਪਾਣੀ ਦੀ ਘਾਟ ਰੜਕਦੀ ਰਹੀ। ਪਿੰਡ ਬਖਤੌਰ ਨਗਰ ਵਿੱਚ ਧੁੱਪ ਵਿੱਚ ਖੜੇ ਵੋਟਰ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਪ੍ਰਗਟ ਕਰ ਰਹੇ ਸਨ। ਪਿੰਡਾਂ ’ਚ ਵੋਟ ਇਕ ਹਜ਼ਾਰ ਤੋਂ ਜ਼ਿਆਦਾ ਸੀ ਪਰ ਪੋਲਿੰਗ ਬੂਥ ਇਕ ਹੋਣ ਕਰਕੇ ਉਨ੍ਹਾਂ ਦੇ ਪਿੰਡਾਂ ’ਚ ਪੋਲਿੰਗ ਦੀ ਰਫਤਾਰ ਸੁਸਤ ਹੋਣ ਦੀ ਸਮੱਸਿਆ ਆ ਰਹੀ ਸੀ। ਪਿੰਡ ਕੋਟੜਾ ਅਮਰੂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਗਿਆਰਾਂ ਸੌ ਤੋਂ ਵੱਧ ਵੋਟ ਹੋਣ ਕਾਰਨ ਪ੍ਰਸ਼ਾਸਨ ਤੋਂ ਦੋ ਪੋਲਿੰਗ ਬੂਥ ਬਣਾਉਣ ਦੀ ਮੰਗ ਕੀਤੀ ਸੀ। ਵੋਟਿੰਗ ਦਾ ਸਮਾ ਸ਼ਾਮ 4 ਵਜੇ ਖਤਮ ਹੋਣ ਤੋਂ ਬਾਅਦ ਵੀ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪਾਉਣ ਵਾਲਿਆ ਦੀਆ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਬਾਰੇ ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਪੋਲਿੰਗ ਲਈ ਬੈਲਟ ਪੇਪਰ/ਮੈਨੁਅਲ ਪ੍ਰਣਾਲੀ ਹੋਣ ਕਾਰਨ ਅਜਿਹੀ ਦਿੱਕਤ ਆ ਰਹੀ ਹੈ ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਪੰਚਾਇਤੀ ਚੋਣਾਂ ਲਈ ਪੋਲਿੰਗ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਜਾਰੀ ਰਹੀ। ਵੋਟਰਾ ਦਾ ਮੰਨਣਾ ਹੈ ਕਿ ਚੋਣ ਵਿੱਚ ਦੇਰੀ ਬੈਲੇਟ ਪੇਪਰਾਂ ਕਰਕੇ ਹੋਈ ਹੈ। ਡੀਐੱਸਪੀ ਲਹਿਰਾਗਾਗਾ ਦੀਪਇੰਦਰ ਸਿੰਘ ਜੇਜੀ ਨੇ ਕਿਹਾ ਵੋਟਿੰਗ ਪ੍ਰਕਿਰਿਆ ਸੰਵੇਧਨਸ਼ੀਲ ਬੂਥਾਂ ਉੱਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ।

Advertisement

ਮਾਲੇਰਕੋਟਲਾ ਵਿੱਚ ਵੀ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਲੱਗੀਆਂ ਰਹੀਆਂ ਕਤਾਰਾਂ

ਮਾਲੇਰਕੋਟਲਾ(ਹੁਸ਼ਿਆਰ ਸਿੰਘ ਰਾਣੂ): ਜ਼ਿਲ੍ਹਾ ਮਾਲੇਰਕੋਟਲਾ ’ਚ ਪੰਚਾਇਤਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲਣ ਕਾਰਨ ਬਹੁਤ ਸਾਰੇ ਪਿੰਡਾਂ ’ਚ ਵੋਟਿੰਗ ਦਾ ਸਮਾਂ ਸ਼ਾਮ 4 ਵਜੇ ਤੱਕ ਪੂਰਾ ਹੋਣ ਤੋਂ ਬਾਅਦ ਵੀ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਪਿੰਡ ਰਾਣਵਾਂ, ਚੌਂਦਾ, ਕੁਠਾਲਾ, ਮੁਬਾਰਕਪੁਰ ਚੂੰਘਾਂ, ਹਥਨ ਬਨਭੌਰਾ, ਖ਼ਾਨਪੁਰ, ਬਡਲਾ, ਬਾਲੇਵਾਲ, ਕੰਗਣਵਾਲ ਸਮੇਤ ਦਰਜਨਾਂ ਪਿੰਡਾਂ ’ਚ ਵੋਟਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਤੱਕ ਵੀ ਵੋਟਰ ਆਪਣੀ ਵੋਟ ਪਾਉਣ ਲਈ ਕਤਾਰ ’ਚ ਆਪਣੀ ਵਾਰੀ ਉਡੀਕਦੇ ਰਹੇ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹਰ ਵੋਟ ਆਪਣੇ ਹੱਕ ’ਚ ਭੁਗਤਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀ।

Advertisement

Advertisement
Author Image

Advertisement