ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀਂ ਚਡ਼੍ਹਨ ਕਾਰਨ ਵਿਗਡ਼ਿਆ ਜ਼ਾਇਕਾ
ਦਿਨੇਸ਼ ਭਾਰਦਵਾਜ
ਚੰਡੀਗਡ਼੍ਹ, 1 ਜੁਲਾਈ
ਮੀਂਹ ਕਰ ਕੇ ਸਬਜ਼ੀਆਂ ਦੇ ਭਾਅ ਅਸਮਾਨੀ ਚਡ਼੍ਹ ਗਏ ਹਨ। ਦਾਲ-ਸਬਜ਼ੀਆਂ ਨੂੰ ਸਵਾਦ ਬਣਾਉਣ ਵਾਲੇ ‘ਤਡ਼ਕੇ’ ਮਤਬਲ ਟਮਾਟਰ, ਅਦਰਕ ਅਤੇ ਲਸਣ ਦੀਆਂ ਕੀਮਤਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ। ਇਨ੍ਹਾਂ ਦੇ ਨਾਲ ਹੁਣ ਪਿਆਜ਼ ਵੀ ਛਾਲ ਮਾਰ ਕੇ ਲੋਕਾਂ ਦੇ ਹੰਝੂ ਕੱਢਣ ਦੀ ਤਿਆਰੀ ਵਿੱਚ ਹੈ। ਮੀਂਹ ਕਰ ਕੇ ਰਾਜਸਥਾਨ ਤੇ ਮਹਾਰਾਸ਼ਟਰ ਵਿੱਚ ਪਿਆਜ਼ ਦੀ ਫ਼ਸਲ ਵੀ ਖਰਾਬ ਹੋਣ ਦੀ ਜਾਣਕਾਰੀ ਮਿਲੀ ਹੈ।
ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਦੱਖਣ ਭਾਰਤ ਦੇ ਸੂਬਿਆਂ ਤੋਂ ਟਮਾਟਰ ਦੀ ਸਪਲਾਈ ਹੁੰਦੀ ਹੈ ਪਰ ਉੱਥੇ ਮੀਂਹ ਪੈਂਦਾ ਹੋਣ ਕਰ ਕੇ ਫਸਲਾਂ ਖਰਾਬ ਹੋ ਗਈਆਂ ਹਨ। ਹਰਿਆਣਾ ਤੇ ਪੰਜਾਬ ਵਿੱਚ ਟਮਾਟਰ ਦੀ ਫ਼ਸਲ ਤਿਆਰ ਹੋ ਰਹੀ ਹੈ। 10-15 ਦਿਨਾਂ ਵਿੱਚ ਇਸ ਦੇ ਮਾਰਕਿਟ ਵਿੱਚ ਆਉਣ ਦੀ ਆਸ ਹੈ। ਜੇਕਰ ਇਸ ਦੌਰਾਨ ਮੀਂਹ ਪੈਂਦਾ ਹੈ ਤਾਂ ਪੱਕੀ ਹੋਈ ਫਸਲ ਖ਼ਰਾਬ ਹੋਣ ਦਾ ਖਤਰਾ ਰਹੇਗਾ। ਮੀਂਹ ਦਾ ਹੀ ਅਸਰ ਹੈ ਕਿ ਥੋਕ ਵਿੱਚ ਅੱਠ-ਦਸ ਰੁਪਏ ਕਿੱਲੋ ਵਿਕਣ ਵਾਲੀ ਘੀਆ ਪਰਚੂਨ ਵਿੱਚ 60 ਰੁਪਏ ਕਿੱਲੋ ਤੱਕ ਵਿਕ ਰਹੀ ਹੈ। ਉੱਧਰ, ਧਨੀਆ 300 ਰੁਪਏ ਕਿੱਲੋ ਵਿਕ ਰਿਹਾ ਹੈ। ਮੀਂਹ ਦੇ ਦਿਨਾਂ ਵਿੱਚ ਹਰ ਸਾਲ ਸਬਜ਼ੀਆਂ ਦੀਆਂ ਕੀਮਤਾਂ ਵਧਦੀਆਂ ਹਨ ਪਰ ਟਮਾਟਰ ਦੀਆਂ ਕੀਮਤਾਂ ਪਹਿਲਾਂ ਕਦੇ ਐਨੀ ਨਹੀਂ ਵਧੀਆਂ। ਚੰਡੀਗਡ਼੍ਹ ਦੇ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਪ੍ਰਧਾਨ ਮੁਹੰਮਦ ਇਦਰਿਸ਼ ‘ਦੇਸਰਾਜ’ ਕਹਿੰਦੇ ਹਨ ਕਿ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਆਸ ਨਹੀਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਾਸਿਕ ਤੇ ਰਾਜਸਥਾਨ ਤੋਂ ਟਮਾਟਰ ਦੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਭਾਵੇਂ ਕਿ ਕੁਝ ਕੰਟਰੋਲ ਹੋ ਸਕਦਾ ਹੈ। ਪ੍ਰਚੂਨ ਵਿੱਚ 400 ਰੁਪਏ ਕਿੱਲੋ ਤੱਕ ਪਹੁੰਚੀ ਅਦਰਕ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਨੂੰ ਸਟੋਰ ਕੀਤਾ ਹੋਇਆ ਹੈ। ਫਿਲਹਾਲ ਅਦਰਕ ਸਟੋਰ ਤੋਂ ਆ ਰਹੀ ਹੈ। ਇਸ ਵੇਲੇ ਇਹ ਅਸਾਮ, ਬੰਗਲੁਰੂ ਤੇ ਕਰਨਾਟਕ ਤੋਂ ਆ ਰਹੀ ਹੈ। ਉੱਧਰ, ਲਸਣ ਦੀ ਸਪਲਾਈ ਬਿਲਾਸਪੁਰ, ਉੱਤਰ ਪ੍ਰਦੇਸ਼ ਤੇ ਜਲੰਧਰ ਤੋਂ ਹੁੰਦੀ ਹੈ। ਲੋਕਾਂ ਨੇ ਇਸ ਨੂੰ ਗੁਦਾਮਾਂ ਵਿੱਚ ਸਟੋਰ ਕੀਤਾ ਹੋਇਆ ਹੈ। ਉਹ ਹੋਰ ਕੀਮਤਾਂ ਵਧਣ ਦਾ ਇੰਤਜ਼ਾਰ ਕਰ ਰਹੇ ਹਨ।
ਸਬਜ਼ੀਆਂ ਦੇ ਰੇਟ ਵਧਣ ’ਚ ਰਿਟੇਲ ਮਾਫੀਆ ਦੀ ਵੀ ਭੂਮਿਕਾ
ਖੇਤੀਬਾਡ਼ੀ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਇਹ ਮੌਸਮ ਫਸਲ ਦੇ ਜਾਣ ਦਾ ਹੈ। ਦੂਜੀ ਫਸਲ ਦੀ ਤਿਆਰੀ ਹੋ ਚੁੱਕੀ ਹੈ। ਨਵੀਂ ਫਸਲ ਮਾਰਕਿਟ ਵਿੱਚ ਆਉਣ ਤੋਂ ਬਾਅਦ ਸਥਿਤੀ ਆਮ ਵਰਗੀ ਹੋ ਸਕਦੀ ਹੈ। ਟਮਾਟਰ, ਅਦਰਕ ਆਦਿ ਦੀ ਘਾਟ ਤਾਂ ਹੈ ਹੀ, ਨਾਲ ਹੀ ਪ੍ਰਚੂਨ ਮਾਫੀਆ ਦਾ ਵੀ ਮਹਿੰਗਾਈ ਵਧਾਉਣ ਵਿੱਚ ਵੱਡਾ ਰੋਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੇਬ ਵੀ 50 ਫੀਸਦ ਘੱਟ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਇਸ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।