ਪ੍ਰੀਖਿਆ ਕੇਂਦਰ ’ਚ ਸਰਵਰ ਡਾਊਨ ਹੋਣ ਕਾਰਨ ਉਮੀਦਵਾਰਾਂ ਦਾ ਪਾਰਾ ਚੜ੍ਹਿਆ
ਸ਼ਗਨ ਕਟਾਰੀਆ
ਬਠਿੰਡਾ, 7 ਸਤੰਬਰ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਇੱਕ ਵਾਰ ਫਿਰ ਚਰਚਾ ਹੈ। ’ਵਰਸਿਟੀ ਵੱਲੋਂ ਸਟਾਫ਼ ਨਰਸਾਂ ਦੀਆਂ 120 ਅਸਾਮੀਆਂ ਲਈ ਅੱਜ ਇਥੋਂ ਦੇ ਐੱਸਐੱਸਡੀ ਗਰਲਜ਼ ਕਾਲਜ ’ਚ ਲਿਆ ਜਾ ਰਿਹਾ ਕੰਪਿਊਟਰ ਆਧਾਰਿਤ ਟੈਸਟ (ਸੀਬੀਟੀ) ਵਿਵਾਦਾਂ ਦੀ ਭੇਟ ਚੜ੍ਹ ਗਿਆ। ਇਥੇ ਗੁਆਂਢੀ ਰਾਜਾਂ ਸਮੇਤ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ’ਚ ਉਮੀਦਵਾਰ ਪ੍ਰੀਖ਼ਿਆ ਦੇਣ ਪੁੱਜੇ ਹੋਏ ਸਨ। ਪੇਪਰ ਦੇ ਸਮੇਂ ਦੇ ਅੱਧ ਵਿਚਕਾਰ ਪ੍ਰੀਖ਼ਿਆ ਕੇਂਦਰ ’ਚ ਹੰਗਾਮਾ ਹੋ ਗਿਆ ਅਤੇ ਉਮੀਦਵਾਰ ਇੱਕ-ਇੱਕ ਕਰ ਕੇ ਬਾਹਰ ਆਉਣੇ ਸ਼ੁਰੂ ਹੋ ਗਏ। ਉਹ ਨਾਅਰੇਬਾਜ਼ੀ ਕਰਦੇ ਹੋਏ ਨੇੜੇ ਦੀ ਤਿੰਨਕੋਣੀ ’ਤੇ ਪੁੱਜੇ ਅਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ।
ਉਹ ਦੋਸ਼ ਲਾ ਰਹੇ ਸਨ ਕਿ ਪੇਪਰ ਸ਼ੁਰੂ ਹੋਣ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਕਰੀਬ ਡੇਢ ਘੰਟਾ ਗੁਜ਼ਰ ਜਾਣ ’ਤੇ ਵੀ ਪ੍ਰੀਖ਼ਿਆ ਲਈ ਵਰਤੇ ਜਾ ਰਹੇ ਕੰਪਿਊਟਰ ਨਹੀਂ ਚੱਲੇ। ਉਨ੍ਹਾਂ ਕਿਹਾ ਕਿ ਪੁੱਛੇ ਜਾਣ ’ਤੇ ਪ੍ਰਬੰਧਕਾਂ ਵੱਲੋਂ ‘ਸਰਵਰ ਡਾਊਨ’ ਹੋਣ ਦੀ ਗੱਲ ਕਹੀ ਗਈ ਪਰ ਕੰਪਿਊਟਰ ’ਤੇ ਚੱਲ ਰਿਹਾ ਟਾਈਮ ਉਮੀਦਵਾਰ ਵੱਲੋਂ ਵਰਤੇ ਅਤੇ ਬਕਾਇਆ ਰਹਿੰਦੇ ਸਮੇਂ ਦੀ ਤਫ਼ਸੀਲ ਵਿਖਾ ਰਿਹਾ ਸੀ। ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਪਹਿਲੀ ਮੰਜ਼ਿਲ ਅਤੇ ਕਦੀ ਦੂਜੀ ਮੰਜ਼ਿਲ ’ਤੇ ਚੱਕਰ ਕਟਾਏ ਜਾਂਦੇ ਰਹੇ। ਇਸੇ ਦੌਰਾਨ ਉਨ੍ਹਾਂ ਦਾ ਸਮਾਂ ਵਿਅਰਥ ਨਿੱਕਲ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਉਹ 18-18 ਸੌ ਰੁਪਏ ਫੀਸ ਭਰ ਕੇ ਪੇਪਰ ਦੇਣ ਆਏ ਸਨ ਪਰ ਉਨ੍ਹਾਂ ਲਈ ਪਾਣੀ ਦਾ ਪ੍ਰਬੰਧ ਤੱਕ ਵੀ ਨਹੀਂ ਕੀਤਾ ਗਿਆ। ਧਰਨਾਕਾਰੀ ਉਮੀਦਵਾਰ ਮੰਗ ਕਰ ਰਹੇ ਸਨ ਕਿ ਸੀਪੀਟੀ ਤਸੱਲੀਬਖ਼ਸ਼ ਅਤੇ ਇੰਨੀ ਐਡਵਾਂਸ ਤਕਨੀਕ ਨਹੀਂ ਕਿ ਇਸ ’ਤੇ ਭਰੋਸਾ ਕੀਤਾ ਜਾਵੇ, ਇਸ ਲਈ ਅੱਜ ਦਾ ਪੇਪਰ ਸਮੁੱਚੇ ਰੂਪ ’ਚ ਹਰ ਜਗ੍ਹਾ ਰੱਦ ਕੀਤਾ ਜਾਵੇ ਅਤੇ ਦੁਬਾਰਾ ਇਸ ਨੂੰ ਆਫ਼ ਲਾਈਨ ਲਿਆ ਜਾਵੇ। ਇਸ ਹੰਗਾਮੇ ਦੌਰਾਨ ਹੀ ਯੂਨੀਵਰਸਿਟੀ ਨੇ ਤੁਰੰਤ ਫੈਸਲਾ ਲੈਂਦਿਆਂ ਆਪਣੀ ਸਾਈਟ ’ਤੇ ਪੇਪਰ ਰੱਦ ਕੀਤੇ ਜਾਣ ਬਾਰੇ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਵਿਚ ਲਿਖ਼ਿਆ ਸੀ ਕਿ ਕੰਪਿਊਟਰ ਚਲਾਉਣ ਲਈ ਆਊਟਸੋਰਸਡ ਏਜੰਸੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ ਅਤੇ ਏਜੰਸੀ ਦੀ ਰਿਪੋਰਟ ਅਨੁਸਾਰ ਤਕਨੀਕੀ ਕਾਰਨ ਕਰਕੇ ਕੁਝ ਪ੍ਰੀਖਿਆ ਕੇਂਦਰਾਂ ’ਤੇ ਸਰਵਰ ਫੇਲ੍ਹ ਹੋਣ ਕਾਰਨ ਗੜਬੜ ਹੋਈ ਹੈ। ਇਹ ਵੀ ਲਿਖਿਆ ਕਿ ਤੁਰੰਤ ਪ੍ਰਭਾਵ ਨਾਲ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਮਤਿਹਾਨ ਲਈ ਨਵੀਂ ਮਿਤੀ ਬਾਰੇ ਉਮੀਦਵਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਥੇ ਉਮੀਦਵਾਰਾਂ ਦੇ ਧਰਨੇ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।