ਟਰੇਨ ਵਿਚ ਵਿਸਫੋਟਕ ਦੀ ਅਫ਼ਵਾਹ ਕਾਰਨ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਈ
ਨਵੀਂ ਦਿੱਲੀ, 10 ਅਕਤੂਬਰ
ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ ਵਿਚ ਵਿਸਫੋਟਕ ਦੀ ਅਫ਼ਵਾਹ ਕਾਰਨ ਗੱਡੀ ਉੱਤਰ ਪ੍ਰਦੇਸ਼ ਦੇ ਟੁੰਡਲਾ ਵਿੱਚ 3 ਘੰਟੇ ਤੋਂ ਵੱਧ ਸਮੇਂ ਲਈ ਰੋਕੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੂੰ ਸ਼ੱਕੀ ਅਤਿਵਾਦੀਆਂ ਦੇ ਵਿਸਫੋਟਕਾਂ ਨਾਲ ਯਾਤਰਾ ਕਰਨ ਬਾਰੇ ਸੁਚੇਤ ਕੀਤੇ ਜਾਣ ਤੋਂ ਬਾਅਦ ਵੀਰਵਾਰ ਤੜਕੇ ਉੱਤਰ ਪ੍ਰਦੇਸ਼ ਦੇ ਟੁੰਡਲਾ ਸਟੇਸ਼ਨ 'ਤੇ ਐਕਸਪ੍ਰੈੱਸ ਨੂੰ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਦਿੱਤਾ ਗਿਆ।
ਹਾਲਾਂਕਿ ਬਾਅਦ ਵਿਚ ਇੱਕ ਐਕਸ ਉਪਭੋਗਤਾ ਤੋਂ ਪ੍ਰਾਪਤ ਹੋਈ ਇਹ ਜਾਣਕਾਰੀ ਇੱਕ ਧੋਖਾ(ਝੂਠੀ) ਸਾਬਤ ਹੋਈ ਕਿਉਂਕਿ ਸਵੇਰੇ 2.30 ਵਜੇ ਤੋਂ ਸਵੇਰੇ 6 ਵਜੇ ਤੱਕ ਕੀਤੀ ਗਈ ਸਖ਼ਤ ਜਾਂਚ ਤੋਂ ਬਾਅਦ ਉਥੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਰੇਲਵੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਇੱਕ ਐਕਸ ਹੈਂਡਲ ਤੋਂ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਅਤਿਵਾਦੀ ਵਿਸਫੋਟਕ ਨਾਲ ਟਰੇਨ ਵਿੱਚ ਸਫ਼ਰ ਕਰ ਰਹੇ ਸਨ, ਜੋ ਉਹ ਏਅਰ ਇੰਡੀਆ ਦੀ ਦਿੱਲੀ-ਲੇਹ ਉਡਾਣ ਵਿੱਚ ਲਗਾਉਣਗੇ। ਅਸੀਂ ਕਾਰਵਾਈ ਸ਼ੁਰੂ ਕੀਤੀ ਪਰ ਇਹ ਇੱਕ ਧੋਖਾ ਨਿਕਲਿਆ।
ਪ੍ਰਯਾਗਰਾਜ ਰੇਲ ਡਿਵੀਜ਼ਨ ਦੇ ਅਧਿਕਾਰੀ ਨੇ ਅੱਗੇ ਕਿਹਾ ਕਿ ਤੜਕੇ 2.30 ਵਜੇ ਦੇ ਕਰੀਬ ਸਾਰੇ ਡੱਬਿਆਂ ਵਿੱਚ ਸਵਾਰ ਯਾਤਰੀਆਂ ਨੂੰ ਜਗਾਇਆ ਗਿਆ ਅਤੇ ਮੈਟਲ ਡਿਟੈਕਟਰਾਂ ਅਤੇ ਕੁੱਤਿਆਂ ਦੇ ਦਸਤੇ ਨਾਲ ਉਨ੍ਹਾਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। -ਪੀਟੀਆਈ