ਚੋਣਾਂ ਦੀ ਰੰਜਿਸ਼ ਕਾਰਨ ਨੌਜਵਾਨ ਦਾ ਗੁੱਟ ਵੱਢਿਆ
10:24 AM Oct 08, 2024 IST
ਨਿੱਜੀ ਪੱਤਰ ਪ੍ਰੇਰਕ
ਬਟਾਲਾ, 7 ਅਕਤੂਬਰ
ਪੰਚਾਇਤੀ ਚੋਣਾਂ ਨੂੰ ਲੈ ਕੇ ਥਾਣਾ ਕਾਲਾ ਅਫਗ਼ਾਨਾਂ ਅਧੀਨ ਆਉਂਦੇ ਪਿੰਡ ਸੇਖਵਾਂ ’ਚ ਇੱਕ ਨੌਜਵਾਨ ਦਾ ਕਿਰਪਾਨ ਨਾਲ ਗੁੱਟ ਵੱਢ ਦਿੱਤਾ ਗਿਆ। ਉਹ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਪਿੰਡ ਸੇਖਵਾਂ ’ਚ ਸੁਖਦੀਪ ਕੌਰ ਬਿਨਾਂ ਮੁਕਾਬਲਾ ਸਰਪੰਚ ਬਣੀ ਜਿਸ ’ਤੇ ਉਸ ਦੇ ਖੇਮੇ ਦੇ ਲੋਕ ਜਸ਼ਨ ਮਨਾ ਰਹੇ ਸਨ। ਇਨ੍ਹਾਂ ਦੀ ਧਿਰ ਦੇ ਇਕ ਜਣੇ ਨੇ ਨੌਜਵਾਨ ਦਾ ਗੁੱਟ ਵੱਢ ਦਿੱਤਾ। ਨੌਜਵਾਨ ਦੇ ਪਿਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਅੱਜ ਸਰਪੰਚ ਬਣਨ ਵਾਲੀ ਧਿਰ ਸ਼ਰਾਬ ਪੀ ਕੇ ਖ਼ਰੂਦ ਪਾ ਰਹੀ ਸੀ। ਉਨ੍ਹਾਂ ਪਹਿਲਾਂ ਉਨ੍ਹਾਂ ਦੇ ਘਰ ਅੱਗੇ ਆ ਕੇ ਪਹਿਲਾਂ ਉਸ ਦੇ (ਰਾਜਬੀਰ ਸਿੰਘ) ਸੱਟਾਂ ਮਾਰੀਆਂ। ਇਸ ਦੌਰਾਨ ਜਦੋਂ ਉਸ ਦਾ ਪੁੱਤਰ ਜ਼ੋਰਾਵਰ ਸਿੰਘ ਅੱਗੇ ਆਇਆ ਤਾਂ ਵਿਰੋਧੀ ਧਿਰ ਦੇ ਇੱਕ ਬੰਦੇ ਨੇ ਕਿਰਪਾਨ ਨਾਲ ਗੁੱਟ ਵੱਢ ਦਿੱਤਾ। ਦੋਵੇਂ ਧਿਰਾਂ ਆਪਸ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਲੈ ਕੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement