ਐਡਵਾਈਜ਼ਰੀ ਤਹਿਤ ਲਾਈਆਂ ਰੋਕਾਂ ਕਾਰਨ ਸੀਸ ਗੰਜ ਗੁਰਦੁਆਰੇ ਜਾਂਦੀ ਸੰਗਤ ਪ੍ਰੇਸ਼ਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਕਾਰਨ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਜਾਣ ਵਾਲੀ ਸੰਗਤ ਪ੍ਰੇਸ਼ਾਨ ਹੋ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਨੇ ਕਿਹਾ ਕਿ ਟ੍ਰੈਫਿਕ ਦੀ ਆਵਾਜਾਈ ਬਾਰੇ ਲਾਈਆਂ ਰੋਕਾਂ ਕਾਰਨ ਸੰਗਤਾਂ ਨੂੰ ਪੈਦਲ ਦੂਰ ਤਕ ਚਲ ਕੇ ਗੁਰਦੁਆਰੇ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਹੇ ਦੇ ਪੁਲ ਤੋਂ ਲਾਲ ਕਿਲੇ ਤੱਕ ਕੋਈ ਵੀ ਵਾਹਨ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ। ਰਿਕਸ਼ੇ ਉਪਰ ਵੀ ਪਾਬੰਦੀ ਲਗਾਈ ਗਈ ਹੈ। ਗੱਡੀਆਂ ਉਪਰ ਆਉਣ ਵਾਲੀ ਸੰਗਤ ਨੂੰ ਮੋਰੀ ਗੇਟ ਤੱਕ ਹੀ ਕਾਰਾਂ ਖੜ੍ਹੀਆਂ ਕਰਨ ਦਿੱਤੀਆਂ ਜਾ ਰਹੀਆਂ ਹਨ, ਅੱਗੋਂ ਪੈਦਲ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਸਮਾਰੋਹ ਦੇ ਦਿਨ 15 ਅਗਸਤ ਨੂੰ 11 ਵਜੇ ਤੱਕ ਵੀ ਪੁਲੀਸ ਵੱਲੋਂ ਜਾਰੀ ਰੋਕਾਂ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ ਅਤੇ ਮੈਟਰੋ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਮੰਗ ਕੀਤੀ ਗੁਰਦੁਆਰੇ ਦੀ ਸੰਗਤ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਦਿੱਲੀ ਪੁਲੀਸ ਉਚਿਤ ਵਿਵਸਥਾ ਕਰੇ।