ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ’ਚ ਡੁੱਬੀ

07:02 AM Jul 10, 2023 IST
ਪਟਿਆਲਾ ਜ਼ਿਲ੍ਹੇ ਅੰਦਰ ਫ਼ਸਲਾਂ ਦੇ ਉਪਰੋਂ ਦੀ ਫਿਰਿਆ ਪਾਣੀ।

 

Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੁਲਾਈ
ਇਸ ਖੇਤਰ ਵਿਚ ਐਤਵਾਰ ਨੂੰ ਕਈ ਘੰਟੇ ਪਏ ਭਰਵੇਂ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਇਸ ਮੌਨਸੂਨ ਦੀ ਬਾਰਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਪਟਿਆਲਾ ਜ਼ਿਲ੍ਹੇ ਵਿਚ ਝੋਨਾ, ਸਬਜ਼ੀਆਂ ਤੇ ਹੋਰ ਫ਼ਸਲਾਂ ਸਣੇ ਹਰੇ-ਚਾਰੇ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਸੜਕਾਂ ’ਤੇ ਵਧੇਰੇ ਪਾਣੀ ਕਾਰਨ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਜ਼ਿਲ੍ਹੇ ਵਿਚੋਂ ਲੰਘਦੇ ਨਦੀਆਂ ਨਾਲਿਆਂ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਪਟਿਆਲਾ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਅਤੇ ਹੋਰ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ। ਇਹ ਬਰਸਾਤ ਕਿਉਂਕਿ ਉਪਰਲੇ ਖੇਤਰਾਂ ਵਿੱਚ ਵੀ ਹੋਈ ਹੈ ਇਸ ਕਰ ਕੇ ਸ਼ਹਿਰ ਦੇ ਨਾਲੋਂ ਲੰਘਦੀ ਛੋਟੀ ਤੇ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਵਧੇਗਾ। ਇਸ ਕਰ ਕੇ ਵੱਡੀ ਨਦੀ ਦੇ ਨੇੜਲੇ ਖੇਤਰਾਂ ’ਚ ਹੜ੍ਹ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਨਦੀ ’ਚ ਖ਼ਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ ਜਦੋਂਕਿ ਐਤਵਾਰ ਨੂੰ ਦੇਰ ਸ਼ਾਮ ਤੱਕ ਇਸ ਨਦੀ ਵਿੱਚ ਅੱਠ ਫੁੱਟ ਤੱਕ ਪਾਣੀ ਚੱਲ ਰਿਹਾ ਸੀ। ਮੌਸਮ ਵਿਭਾਗ ਵੱਲੋਂ ਹੋਰ ਭਰਵੇਂ ਮੀਂਹ ਦੀ ਕੀਤੀ ਪੇਸ਼ੀਨਗੋਈ ਅਤੇ ਡਰੇਨੇਜ਼ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਇਸ ਨਦੀ ਵਿੱਚ ਰਾਤੋ ਰਾਤ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਦੇ ਚੱਲਦਿਆਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ।
ਅੱਜ ਪਏ ਮੀਂਹ ਨੇ ਸ਼ਾਹੀ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਇਸ ਦੌਰਾਨ ਸ਼ਹਿਰ ਦੀਆਂ ਅਨੇਕਾਂ ਹੀ ਸੜਕਾਂ ਅਤੇ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ। ਪਾਣੀ ਵਿੱਚ ਵਾਹਨ ਬੰਦ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਕੱਤਰ ਵੇਰਵਿਆਂ ਅਨੁਸਾਰ ਸਨੌਰ ਨੇੜਲੇ ਪਿੰਡਾਂ ਰਾਠੀਆਂ ਅਤੇ ਕੋਟਲਾ ਕੋਲ਼ੋਂ ਦੋ ਸੂਇਆਂ ਵਿੱਚ ਪਾੜ ਪੈ ਗਏ ਹਨ। ਸਨੌਰ ਨੇੜਲੇ ਪਿੰਡ ਜਰੀਕਪੁਰ, ਰਾਠੀਆਂ, ਬੋਲ੍ਹੜ, ਬੋਲ੍ਹੜੀ, ਬੱਲਾਂ, ਬੱਲਮਗੜ੍ਹ, ਸ਼ਾਦੀਪੁਰ, ਫਤਹਿਪੁਰ, ਭੁਨਰਹੇੜੀ ਸਣੇ ਚਪੜ, ਕਤਲਾਹਰ, ਝੁੰਗੀਆਂ, ਕੋਟਲਾ, ਸਲੇਮਪੁਰ, ਰਸੂਲਪੁਰ, ਮੰਜੌਲੀ ਤੇ ਘਨੌਰੀ ਖੇੜਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਦੋ ਤੋਂ ਚਾਰ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਸਾਬਕਾ ਸਰਪੰਚ ਸੁਖਜੀਤ ਸਿੰਘ ਰਾਠੀਆਂ ਤੇ ਕਿਸਾਨ ਆਗੂ ਜਸਦੇਵ ਸਿੰਘ ਜਰੀਕਪੁਰ ਨੇ ਕਿਹਾ ਕਿ ਜੇ ਇਹ ਪਾਣੀ ਜਲਦੀ ਨਾ ਉਤਰਿਆ ਤਾਂ ਫ਼ਸਲਾਂ ਨੂੰ ਨੁਕਸਾਨ ਹੋਵੇਗਾ। ਸਾਬਕਾ ਸਰਪੰਚ ਗੁਰਜੰਟ ਸਿੰਘ ਬੱਤੀ ਨੇ ਕਿਹਾ ਕਿ ਸਬਜ਼ੀਆਂ ਅਤੇ ਹਰੇ-ਚਾਰੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਕਿਸਾਨ ਆਗੂ ਅਮਰਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਠੀਆਂ ਨੂੰ ਚਪੜ੍ਹ ਅਤੇ ਬੋਲ੍ਹੜ ਤੋਂ ਆਉਂਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਇੱਕ ਵਾਰ ਪਿੰਡ ਦਾ ਸੰਪਰਕ ਹੀ ਟੁੱਟ ਗਿਆ ਸੀ।
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਦੱਸਿਆ ਕਿ ਘੱਗਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਆਪਣਾ ਸਾਮਾਨ ਆਦਿ ਉਚੀਆਂ ਥਾਵਾਂ ’ਤੇ ਰੱਖ ਲਿਆ ਹੈ।
ਪਟਿਆਲਾ ਦੇ ਏਡੀਸੀ ਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਜੀਤ ਸਿੰਘ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਟੀਮ ਨਾਲ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮਾਰਕੰਨ, ਤਹਿਸੀਲਦਾਰ ਰਣਜੀਤ ਸਿੰਘ, ਨਿਗਰਾਨ ਇੰਜਨੀਅਰ ਸ਼ਾਮ ਲਾਲ ਗੁਪਤਾ, ਐਕਸੀਅਨ ਰਾਜਪਾਲ, ਮਨੀਸ਼ ਪੁਰੀ ਸਮੇਤ ਹੋਰ ਅਮਲਾ ਮੌਜੂਦ ਸੀ। ਵਿਧਾਇਕ ਨੇ 21 ਨੰਬਰ ਫਾਟਕ ਨਜ਼ਦੀਕ ਮਾਨਸ਼ਾਹੀਆ ਕਲੋਨੀ ਦੇ ਪਾਣੀ ਨੂੰ ਤੁਰੰਤ ਕੱਢਣ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਨਿਊ ਮਹਿੰਦਰਾ ਕਲੋਨੀ ਅਤੇ ਛੋਟੀ ਨਦੀ ਕੋਲ ਸਮੀਖਿਆ ਕੀਤੀ।

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਮੀਤ ਹੇਅਰ
ਸੰਗਰੂਰ/ਮੂਨਕ (ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ): ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹੇ ਦੇ ਖਨੌਰੀ-ਮੂਨਕ ਖੇਤਰ ’ਚੋ ਲੰਘਦੇ ਘੱਗਰ ਦਰਿਆ ਦੇ ਇਲਾਕੇ ਦਾ ਦੌਰਾ ਕੀਤਾ। ਮੂਨਕ-ਟੋਹਾਣਾ ਪੁਲ ਅਤੇ ਮਕਰੌੜ ਸਾਹਿਬ ਦਾ ਦੌਰਾ ਕਰਦਿਆਂ ਜ਼ਮੀਨੀ ਪੱਧਰ ’ਤੇ ਘੱਗਰ ਦਰਿਆ ਵਿਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਤਿਆਰ ਹੈ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜਿੱਥੇ ਸਾਰੇ ਵਿਭਾਗ ਦੇ ਅਧਿਕਾਰੀ/ਕਰਮਚਾਰੀ ਫੀਲਡ ਵਿੱਚ ਤਾਇਨਾਤ ਹਨ ਉੱਥੇ ਉਹ ਖ਼ੁਦ ਜ਼ਮੀਨੀ ਪੱਧਰ ਉਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਦਫਤਰ ਪੱਧਰ ‘ਤੇ ਪਹਿਲਾਂ ਹੀ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਹਰ ਜ਼ਿਲੇ ਵਿੱਚ ਵੀ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਮੀਤ ਹੇਅਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਐਮਰਜੈਂਸੀ ਵਿੱਚ ਆਪੋ-ਆਪਣੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫਤਰ ਨਾਲ ਸੰਪਰਕ ਕੀਤਾ ਜਾਵੇ।

Advertisement

ਸਿਹਤ ਮੰਤਰੀ ਵੱਲੋਂ ਛੋਟੀ ਤੇ ਵੱਡੀ ਨਦੀ ਦਾ ਦੌਰਾ

ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਜਲ ਸਰੋਤ ਮੰਤਰੀ ਮੀਤ ਹੇਅਰ।

ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਡੀਸੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਰ੍ਹਦੇ ਮੀਂਹ ’ਚ ਦੋਵਾਂ ਨਦੀਆਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਨਦੀ ਦੇ ਨੇੜੇ ਵੱਸੇ ਵੱਡਾ ਅਰਾਈਮਾਜਰਾ ਪਿੰਡ ਦੇ ਨੇੜਲੇ ਪਰਿਵਾਰਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਲਈ ਦੇਵੀਗੜ੍ਹ ਰੋਡ ’ਤੇ ਸਥਿਤ ਪ੍ਰੇਮ ਬਾਗ਼ ਪੈਲੇਸ ਵਿੱਚ ਰਿਹਾਇਸ਼ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ।

 

 

 

ਨਦੀਆਂ, ਨਾਲਿਆਂ ਦੇ ਨੇੜੇ ਜਾਣ ਦੀ ਮਨਾਹੀ
ਪਟਿਆਲਾ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਵਹਿੰਦੇ ਨਦੀਆਂ/ ਵੱਡੀ ਨਦੀ/ ਛੋਟੀ ਨਦੀ ਬੰਨ੍ਹ/ ਉਚੇ ਬੰਨ੍ਹ ਦੇ ਕਿਨਾਰਿਆਂ ਦੇ 20 ਮੀਟਰ ਦੇ ਘੇਰੇ ਵਿੱਚ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਮਾਰਕੰਡਾ ਅਤੇ ਟਾਂਗਰੀ ਸਣੇ ਪਟਿਆਲਾ ਵਿੱਚ ਵਹਿੰਦੀਆਂ ਹੋਰ ਨਦੀਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ ਹੈ। ਮਨਾਹੀ ਦਾ ਇਹ ਹੁਕਮ 11 ਜੁਲਾਈ ਤੱਕ ਜਾਰੀ ਰਹੇਗਾ। ਕਿਸੇ ਵੀ ਨਿੱਜੀ, ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਉਦੇਸ਼ ਜਾਂ ਕਾਰਨਾਂ ਕਰ ਕੇ ਨਦੀਆਂ ਜਾਂ ਪਾਣੀਆਂ ’ਚ ਜਾਣ ਦੀ ਮਨਾਹੀ ਹੈ।

ਪੁਲੀਆਂ ਬੰਦ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਐਸਡੀਐਮ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਮੀਂਹ ਕਾਰਨ ਦੇਵੀਗੜ੍ਹ ਦੇ ਆਲੇ-ਦੁਆਲੇ ਦੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਖੇਤਾਂ ਵਿੱਚ ਪਾਏ ਘਰ ਬਰਸਾਤ ਦੇ ਪਾਣੀ ਨਾਲ ਘਿਰ ਗਏ ਹਨ। ਐਸਡੀਐਮ ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਪਟਵਾਰੀਆਂ ਸਣੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਸੜਕਾਂ ਵਿੱਚ ਲੱਗੀਆਂ ਪੁਲੀਆਂ ਦੀਆਂ ਰੋਕਾਂ ਹਟਵਾਈਆਂ। ਐਸਡੀਐਮ ਕ੍ਰਿਪਾਲਵੀਰ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਬਾਰਸ਼ ਦਾ ਪਾਣੀ ਰੁਕਦਾ ਹੈ, ਉਹ ਪੁਲੀਆਂ ਖੋਲ੍ਹ ਦੇਣ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਪੁਲ਼ੀਆਂ ਵਿੱਚੋਂ ਲੰਘਣ ਵਾਲ਼ੇ ਬਰਸਾਤੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਥਿਤੀ ਨਾਲ ਨਜਿੱਠਣ ’ਚ ਸਰਕਾਰ ਅਸਫ਼ਲ: ਪ੍ਰਨੀਤ ਕੌਰ
ਪਟਿਆਲਾ: ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਵੱਡੀ ਨਦੀ ਦੇ ਨਾਲ ਲਗਦੇ ਸੰਜੇ ਕਲੋਨੀ ਅਤੇ ਘਲੌੜੀ ਗੇਟ ਸਣੇ ਹੋਰ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸਥਿਤੀ ਨਾਲ ਨਜਿੱਠਣ ’ਚ ਫੇਲ੍ਹ ਸਾਬਤ ਹੋਏ ਹਨ। ਇਸ ਮੌਕੇ ਉਨ੍ਹਾਂ ਦੀ ਧੀ ਜੈ ਇੰਦਰ ਕੌਰ, ਸਾਬਕਾ ਮੇਅਰ ਸੰਜੀਵ ਬਿੱਟੂ, ਸੰਦੀਪ ਮਲਹੋਤਰਾ ਤੇ ਗਿੰਨੀ ਨਾਗਪਾਲ ਆਦਿ ਵੀ ਮੌਜੂਦ ਸਨ।

Advertisement
Tags :
ਹਜ਼ਾਰਾਂਕਾਰਨਡੁੱਬੀਪਾਣੀ:ਫ਼ਸਲਮੀਂਹ
Advertisement