For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਭਿੱਜੀ

10:36 AM Apr 30, 2024 IST
ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਭਿੱਜੀ
ਮੀਂਹ ਨਾਲ ਦਾਣਾ ਮੰਡੀ ’ਚ ਭਿੱਜੀਆਂ ਕਣਕ ਨਾਲ ਭਰੀਆਂ ਬੋਰੀਆਂ। -ਫੋਟੋ: ਪਵਨ ਸ਼ਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਅਪਰੈਲ
ਅੱਜ ਤੜਕਸਾਰ ਮਾਲਵਾ ਖਿੱਤੇ ’ਚ ਸ਼ੁਰੂ ਹੋਈਆਂ ਕਣੀਆਂ ਦੁਪਹਿਰ ਬਾਅਦ ਤੱਕ ਰੁਕ-ਰੁਕ ਕੇ ਜਾਰੀ ਰਹੀਆਂ। ਮੀਂਹ ਪੈਣ ਨਾਲ ਜਿੱਥੇ 40 ਡਿਗਰੀ ਸੈਂਟੀਗਰੇਡ ਨੂੰ ਅੱਪੜੇ ਤਾਪਮਾਨ ਦੀ ਵਾਪਸੀ ਹੋਈ ਹੈ, ਉੱਥੇ ਇਸ ਨਾਲ ਦਾਣਾ ਮੰਡੀਆਂ ’ਚ ਬਗ਼ੈਰ ਸ਼ੈੱਡਾਂ ਅਤੇ ਤਰਪਾਲਾਂ ਤੋਂ ਖੁੱਲ੍ਹੇ ਅਸਮਾਨ ਹੇਠਾਂ ਪਈ ਕਣਕ ਭਿੱਜ ਗਈ। ਅੱਜ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਭਲਕੇ ਮੰਗਲਵਾਰ ਨੂੰ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ, ਉਸ ਤੋਂ ਬਾਅਦ 3-4 ਦਿਨ ਮੌਸਮ ਖ਼ੁਸ਼ਕ ਰਹੇਗਾ।
ਤਪਾ ਮੰਡੀ (ਸੀ. ਮਾਰਕੰਡਾ): ਮੀਂਹ ਪੈਣ ਕਾਰਨ ਅਨਾਜ ਮੰਡੀਆਂ ’ਚ ਕਣਕ ਦੀਆਂ ਲੱਖਾਂ ਬੋਰੀਆਂ ਭਿੱਜ ਗਈਆਂ ਜਦਕਿ ਲਿਫ਼ਟਿੰਗ ਦਾ ਮਾੜਾ ਹਾਲ ਹੈ। ਮਾਰਕੀਟ ਕਮੇਟੀ ਦੇ ਮੁੱਖ ਯਾਰਡ ਅਤੇ ਖ਼ਰੀਦ ਕੇਂਦਰਾਂ ਵਿੱਚ ਲੱਖਾਂ ਬੋਰੀਆਂ ਪਈਆਂ ਹਨ ਪਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ। ਟਰੱਕਾਂ ਤੇ ਲੇਬਰ ਦੀ ਘਾਟ ਕਰਕੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ। ਮੀਂਹ ਤੋਂ ਬਚਾਅ ਲਈ ਮਾਰਕੀਟ ਕਮੇਟੀ ਨੇ ਆੜ੍ਹਤੀਆਂ ਤੋਂ ਤਰਪਾਲਾਂ ਦਾ ਪ੍ਰਬੰਧ ਨਹੀਂ ਕਰਵਾਇਆ ਸਗੋਂ ਸਰਕਾਰ ਦੀ ਖਰੀਦੀ ਕਣਕ ਵੀ ਭਿੱਜ ਗਈ ਹੈ। ਡੀਸੀ ਨੇ ਲਿਫਟਿੰਗ ਤੇਜ਼ ਕਰਨ ਦੇ ਹੁਕਮ ਦਿੰਦਿਆਂ ਟਰਾਂਸਪੋਰਟ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹੱਈਆ ਕਰਵਾਈ ਜਾਵੇ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਰਸਾ ਅਤੇ ਨਾਲ ਲੱਗਦੇ ਏਰੀਏ ’ਚ ਤੇਜ਼ ਹਨੇਰੀ ਨਾਲ ਕਿਣਮਿਣ ਹੋਈ, ਜਿਸ ਕਾਰਨ ਮੰਡੀਆਂ ’ਚ ਖੁੱਲ੍ਹੇ ’ਚ ਪਈ ਲੱਖਾਂ ਟਨ ਕਣਕ ਭਿੱਜ ਗਈ ਹੈ। ਲਿਫਟਿੰਗ ਨਾ ਹੋਣ ਕਾਰਨ ਲੱਖਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ, ਉੱਥੇ ਪਿੰਡਾਂ ’ਚ ਬਣੇ ਖਰੀਦ ਕੇਂਦਰਾਂ ਦੀ ਹਾਲਤ ਇਸ ਤੋਂ ਵੀ ਮਾੜੀ ਹੈ। ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਣਮਿਣ ਨਾਲ ਭਿੱਜ ਗਈ ਹੈ। ਉਧਰ, ਸਿਰਸਾ ਮੰਡੀ ’ਚ ਖੁਲ੍ਹੇ ਅਸਮਾਨ ਹੇਠਾਂ ਪਈ ਕਣਕ ਦੀਆਂ ਕਈ ਬੋਰੀਆਂ ਸ਼ਾਟ ਸਰਕਟ ਨਾਲ ਸੜ ਗਈਆਂ ਹਨ।
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ’ਚ ਪਏ ਮੀਂਹ ਕਾਰਨ ਅਨਾਜ ਮੰਡੀ ਅਤੇ ਐਡੀਸ਼ਨਲ ਅਨਾਜ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕਾਂ ਦੇ ਢੇਰੀਆਂ ਅਤੇ ਬੋਰੀਆਂ ਬਰਸਾਤੀ ਪਾਣੀ ਕਾਰਨ ਭਿੱਜ ਗਈਆਂ। ਮੰਡੀਆਂ ਵਿੱਚ ਲੋਡਿੰਗ ਢਿੱਲੀ ਹੋਣ ਕਾਰਨ ਕਿਸਾਨਾਂ ਨੂੰ ਖੁੱਲ੍ਹੇ ਵਿੱਚ ਢੇਰ ਲਾਉਣੇ ਪੈ ਰਹੇ ਹਨ ਅਤੇ ਥਾਂ ਦੀ ਘਾਟ ਕਾਰਨ ਆੜ੍ਹਤੀਆਂ ਨੂੰ ਬੋਰੀਆਂ ਦੇ ਢੇਰ ਲਾ ਕੇ ਥਾਂ ਦਾ ਪ੍ਰਬੰਧ ਕਰਨਾ ਪਿਆ।

Advertisement

Advertisement
Author Image

Advertisement
Advertisement
×