For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਮੰਡੀਆਂ ’ਚ ਵਿਕਣ ਆਈ ਮੱਕੀ ਡੁੱਬੀ

08:47 AM Jul 06, 2023 IST
ਮੀਂਹ ਕਾਰਨ ਮੰਡੀਆਂ ’ਚ ਵਿਕਣ ਆਈ ਮੱਕੀ ਡੁੱਬੀ
ਜਗਰਾਉਂ ਦਾਣਾ ਮੰਡੀ ’ਚ ਮੀਂਹ ਦੇ ਪਾਣੀ ਵਿੱਚ ਤੈਰਦੀ ਹੋਈ ਮੱਕੀ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਜੁਲਾਈ
ਮੌਨਸੂਨ ਦੀ ਅੱਜ ਹੋਈ ਪਹਿਲੀ ਜ਼ੋਰਦਾਰ ਬਾਰਿਸ਼ ਨੇ ਜਲਥਲ ਕਰ ਦਿੱਤਾ। ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ, ਪੁਰਾਣੀ ਤੇ ਨਵੀਂ ਦਾਣਾ ਮੰਡੀ ’ਚ ਮੀਂਹ ਨੇ ਵੱਡਾ ਨੁਕਸਾਨ ਕੀਤਾ।
ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ’ਚ ਖੁੱਲ੍ਹੇ ਅਸਮਾਨ ਹੇਠਾਂ ਪਈ ਹਜ਼ਾਰਾਂ ਕੁਇੰਟਲ ਮੱਕੀ ਪਾਣੀ ’ਚ ਡੁੱਬ ਗਈ। ਮੰਡੀ ਦੇ ਕਈ ਹਿੱਸਿਆਂ ‘ਚ ਪਾਣੀ ਭਰ ਜਾਣ ਕਰਕੇ ਮੱਕੀ ਪਾਣੀ ’ਚ ਤੈਰਦੀ ਨਜ਼ਰ ਆਈ। ਪਹਿਲੀ ਹੀ ਬਾਰਿਸ਼ ਨੇ ਪਾਣੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਤੇ ਪ੍ਰਸ਼ਾਸਨਿਕ ਦਾਅਵੇ ਵੀ ਅੱਜ ਖੋਖਲੇ ਸਾਬਤ ਹੋਏ। ਸਵੇਰ ਵੇਲੇ ਸ਼ੁਰੂ ਹੋਈ ਬਾਰਿਸ਼ ਦੁਪਹਿਰ ਤੱਕ ਜਾਰੀ ਰਹੀ। ਥੋੜ੍ਹਾ ਜਿਹਾ ਮੀਂਹ ਪੈਣ ‘ਤੇ ਹੀ ਕਮਲ ਚੌਕ, ਅਨਾਰਕਲੀ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਮਾਰਗ, ਸਦਨ ਮਾਰਕੀਟ, ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਪਾਣੀ ਭਰ ਗਿਆ। ਇਨ੍ਹਾਂ ਬਾਜ਼ਾਰਾਂ ਦੀਆਂ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹੀ ਨਹੀਂ। ਇਕ ਕੱਪੜੇ ਦੀ ਦੁਕਾਨ ‘ਚ ਪਾਣੀ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਤੇ ਕੁਝ ਹੋਰਨਾਂ ਦੁਕਾਨਦਾਰਾਂ ਨੂੰ ਵੀ ਮੀਂਹ ਦੇ ਪਾਣੀ ਕਰਕੇ ਭਾਰੀ ਨੁਕਸਾਨ ਝੱਲਣਾ ਪਿਆ। ਪੁਰਾਣੀ ਦਾਣਾ ਮੰਡੀ ‘ਚ ਵੀ ਪਾਣੀ ਭਰਨ ਕਰਕੇ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਦੂਜੇ ਪਾਸੇ ਮੱਕੀ ਤੇ ਮੂੰਗੀ ਨਾਲ ਭਰੀ ਪਈ ਨਵੀਂ ਦਾਣਾ ਮੰਡੀ ‘ਚ ਵੀ ਭਾਰੀ ਨੁਕਸਾਨ ਦੀ ਰਿਪੋਰਟ ਹੈ। ਆੜ੍ਹਤੀ ਪ੍ਰਹਲਾਦ ਸਿੰਗਲਾ ਨੇ ਦੱਸਿਆ ਕਿ ਸ਼ੈੱਡਾਂ ਹੇਠਾਂ ਰੱਖੀ ਮੱਕੀ ਵੀ ਪਾਣੀ ਭਰ ਜਾਣ ਕਰਕੇ ਬਚ ਨਹੀਂ ਸਕੀ।

Advertisement

ਭਾਰੀ ਮੀਂਹ ਨਾਲ ਕਿਸਾਨਾਂ ਨੂੰ ਕਿਤੇ ਰਾਹਤ, ਕਿਤੇ ਆਫ਼ਤ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਇਲਾਕੇ ਵਿਚ ਅੱਜ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨਾਲ ਜਿੱਥੇ ਝੋਨੇੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲੀ ਹੈ ਉੱਥੇ ਦਾਣਾ ਮੰਡੀ ਜਲਥਲ ਹੋ ਗਈ ਜਿਸ ਨਾਲ ਕਿਸਾਨਾਂ ਦੀ ਵਿਕਣ ਆਈ ਮੱਕੀ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਅੱਜ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦਾਣਾ ਮੰਡੀ ਦੇ ਬਦ ਤੋਂ ਬਦਤਰ ਹਾਲਾਤ ਦਿਖਾਉਂਦਿਆਂ ਕਿਹਾ ਕਿ ਮੰਡੀ ਬੋਰਡ ਵਲੋਂ ਕਰੋੜਾਂ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਹਾਲਾਤ ਇਹ ਹੋ ਗਏ ਹਨ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਹੈ ਅਤੇ ਕਿਸਾਨਾਂ ਦੀ ਮੱਕੀ ਦੀ ਫਸਲ ਪਾਣੀ ਵਿਚ ਡੁੱਬੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਠੇਕੇਦਾਰ ਵਲੋਂ ਪਾਣੀ ਦੇ ਨਿਕਾਸੀ ਵਾਲੀਆਂ ਮੁੱਖ ਪਾਈਪਾਂ ਵਿਛਾ ਦਿੱਤੀਆਂ ਗਈਆਂ ਸਨ ਪਰ ਬਾਅਦ ਵਿਚ ਲੈਵਲ ਗਲਤ ਹੋਣ ਕਾਰਨ ਫਿਰ ਪੁੱਟ ਦਿੱਤੀਆਂ, ਇੱਥੋਂ ਤੱਕ ਮੰਡੀ ਦੇ ਅੰਦਰੂਨੀ ਭਾਗ ਵਿਚ ਵੀ ਪਾਈਪਾਂ ਪੁੱਟੀਆਂ ਹੋਈਆਂ ਹਨ ਜਿਸ ਕਾਰਨ ਹੁਣ ਨਿਕਾਸੀ ਨਹੀਂ ਹੋ ਰਹੀ। ਪ੍ਰਧਾਨ ਖੇੜਾ ਨੇ ਦੱਸਿਆ ਕਿ ਜਲਥਲ ਹੋਈ ਮੰਡੀ ਵਿਚ ਕਿਸਾਨਾਂ ਦੀ ਤਾਂ ਫਸਲ ਡੁੱਬੀ ਉੱਥੇ ਨਾਲ ਹੀ ਵਪਾਰੀਆਂ ਵਲੋਂ ਬੋਰੀਆਂ ’ਚ ਭਰ ਕੇ ਰੱਖੀ ਮੱਕੀ ਵੀ ਨੁਕਸਾਨੀ ਗਈ। ਇਸ ਤੋਂ ਇਲਾਵਾ ਦਾਣਾ ਮੰਡੀ ਤੋਂ ਲੈ ਕੇ ਰਾਹੋਂ ਰੋਡ ਤੱਕ ਜਿੱਥੇ ਸੀਵਰੇਜ਼ ਪਾਈਪਾਂ ਵਿਛਾਈਆਂ ਹੋਈਆਂ ਸਨ ਉਹ ਵੀ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਸੜਕ ਧਸੀ ਨਜ਼ਰ ਆਈ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਦਾਣਾ ਮੰਡੀ ਅੰਦਰ ਆੜ੍ਹਤੀਆਂ ਦੀਆਂ ਦੁਕਾਨਾਂ ਅੰਦਰ ਵੀ ਮੀਂਹ ਦਾ ਪਾਣੀ ਦਾਖਲ ਹੋ ਗਿਆ ਅਤੇ ਉਹ ਸਾਰੇ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਕੋਸਦੇ ਨਜ਼ਰ ਆਏ। ਇਸ ਤੋਂ ਇਲਾਵਾ ਮਾਛੀਵਾੜਾ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਵੀ ਭਾਰੀ ਮੀਂਹ ਕਾਰਨ ਪਾਣੀ ਦਾ ਤੇਜ਼ ਵਹਾਅ ਦੇਖਣ ਨੂੰ ਮਿਲਿਆ। ਦੂਸਰੇ ਪਾਸੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਹ ਭਾਰੀ ਮੀਂਹ ਰਾਹਤ ਦੇ ਗਿਆ ਜਿਨ੍ਹਾਂ ਨੇ ਖੇਤਾਂ ਵਿਚ ਫਸਲ ਦੀ ਸਿੰਚਾਈ ਲਈ ਆਪਣੇ ਇੰਜਣ ਤੇ ਮੋਟਰਾਂ ਚਲਾਉਣੀਆਂ ਬੰਦ ਕਰ ਦਿੱਤੀਆਂ।

Advertisement
Tags :
Author Image

joginder kumar

View all posts

Advertisement
Advertisement
×