ਛੱਪੜ ਦਾ ਪਾਣੀ ਓਵਰਫਲੋਅ ਹੋਣ ਕਾਰਨ ਲੋਕਾਂ ’ਚ ਸਹਿਮ
ਪੱਤਰ ਪ੍ਰੇਰਕ
ਮੁਕੇਰੀਆਂ, 10 ਅਗਸਤ
ਲਗਾਤਾਰ ਹੋ ਰਹੀ ਬਾਰਸ਼ ਕਾਰਨ ਕੰਢੀ ਦੇ ਪਿੰਡ ਬਹਿਲੱਖਣ ਦੇ ਛੱਪੜ ਦਾ ਪਾਣੀ ਓਵਰਫਲੋਅ ਹੋਣ ਲੱਗਾ ਹੈ, ਜਿਸ ਕਾਰਨ ਕਿਸੇ ਵੇਲੇ ਵੀ ਪਾੜ ਪੈ ਸਕਦਾ ਹੈ। ਇਸ ਛੱਪੜ ਦੀ ਸੜਕ ਨਾਲ ਲੱਗਦੀ ਕੰਧ ਕੁਝ ਦਿਨ ਪਹਿਲਾਂ ਡਿੱਗ ਚੁੱਕੀ ਹੈ। ਇਸ ਕਾਰਨ ਛੱਪੜ ਦੇ ਹੇਠਲੇ ਪਾਸ ਰਹਿ ਰਹੇ ਪਿੰਡ ਬਹਿਕੀਤੋ ਦੇ ਵਸਨੀਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿੰਡ ਬਹਿਲੱਖਣ ਦੇ ਛੱਪੜ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਉਪਰ ਤੱਕ ਭਰ ਗਿਆ ਹੈ ਅਤੇ ਇਸ ਦੇ ਹੇਠਲੇ ਪਾਸੇ ਪੈਂਦੇ ਪਿੰਡ ਬਹਿਕੀਤੋ ਦੇ ਕਰੀਬ ਦਰਜਨ ਭਰ ਘਰਾਂ ਵੱਲ ਨੂੰ ਛੱਪੜ ਦਾ ਪਾੜ ਪੈਣ ਦਾ ਖਦਸ਼ਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਹੰਗਾਮੀ ਹਾਲਤ ਤੋਂ ਪਹਿਲਾਂ ਹੀ ਛੱਪੜ ਦੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇ। ਪਿੰਡ ਬਹਿਕੀਤੋ ਦੇ ਪੰਚ ਬਲਵੀਰ ਸਿੰਘ, ਰਛਪਾਲ ਸਿੰਘ, ਵਿਜੇ ਕੁਮਾਰ, ਸ੍ਰਿਸ਼ਟਾ ਦੇਵੀ, ਤਰਸੇਮ ਲਾਲ, ਬੰਟੀ ਠਾਕੁਰ, ਪਰਵਿੰਦਰ ਸਿੰਘ, ਰਜਨੀਸ਼ ਬੱਬੀ, ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿੰਡ ਬਹਿਲੱਖਣ ਦੇ ਛੱਪੜ ਦੇ ਹੇਠਲੇ ਪਾਸੇ ਪੈਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਛੱਪੜ ਵਿੱਚ ਪੈ ਰਹੇ ਪਿੰਡ ਦੇ ਨਿਕਾਸੀ ਦੇ ਪਾਣੀ ਕਾਰਨ ਛੱਪੜ ਓਵਰਫਲੋਅ ਹੋਣ ਲੱਗਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਛੱਪੜ ਦੇ ਪਾਣੀ ਉਛਲਣ ਦਾ ਖਦਸ਼ਾ ਹੈ, ਜਿਸ ਕਾਰਨ ਸੜਕ ਦੇ ਹੇਠਲੇ ਪਾਸੇ ਸੜਕ ਵਿੱਚ ਪਾੜ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਹਿਲੱਖਣ ਦੀ ਪੰਚਾਇਤ ਵਲੋਂ ਪਿਛਲੇ ਲੰਬੇ ਸਮੇਂ ਤੋਂ ਛੱਪੜ ਦੀ ਸਫਾਈ ਨਹੀਂ ਕਰਵਾਈ ਜਾ ਰਹੀ। ਪਾਣੀ ਓਵਰ ਫਲੋਅ ਹੋਣ ਕਾਰਨ ਸੜਕ ਵਾਲੇ ਪਾਸੇ ਨੂੰ ਖੋਰਾ ਲੱਗ ਕੇ ਢਿੱਗ ਹੇਠਾਂ ਜਾ ਡਿੱਗਾ ਹੈ। ਉਨ੍ਹਾਂ ਇਹ ਮਾਮਲਾ ਬਹਿਲੱਖਣ ਦੇ ਸਰਪੰਚ ਦੇ ਧਿਆਨ ਵਿੱਚ ਲਿਆਂਦਾ ਹੈ, ਜਿਨ੍ਹਾਂ ਦੇ ਵਿੱਤੀ ਮਜਬੂਰੀਆਂ ਦੱਸ ਦਿੱਤੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ਨੂੰ ਬਚਾਉਣ ਲਈ ਹੰਗਾਮੀ ਫੰਡਾਂ ਰਾਹੀਂ ਛੱਪੜ ਦੇ ਪਾਣੀ ਦੀ ਨਿਕਾਸੀ ਮੋਟਰਾਂ ਰਾਹੀਂ ਕਰਵਾ ਕੇ ਉਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ।
ਪੰਚਾਇਤ ਕੋਲ ਫੰਡਾਂ ਦੀ ਘਾਟ: ਸਰਪੰਚ
ਪਿੰਡ ਬਹਿਲੱਖਣ ਦੀ ਸਰਪੰਚ ਨੀਲਮ ਕੁਮਾਰੀ ਨੇ ਦੱਸਿਆ ਕਿ ਪੰਚਾਇਤ ਨੂੰ ਵਿੱਤੀ ਫੰਡਾਂ ਦੀ ਘਾਟ ਹੈ ਅਤੇ ਮੌਜੂਦਾ ਸਮੇਂ ’ਚ ਪੰਚਾਇਤ ਖਾਤੇ ਵਿੱਚ ਕੇਵਲ 15-20 ਹਜ਼ਾਰ ਰੁਪਏ ਹੀ ਹਨ। ਉਨ੍ਹਾਂ ਮਾਮਲਾ ਪੰਚਾਇਤ ਸਕੱਤਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਬੀਡੀਪੀਓ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।