ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨਾਂ ਦਾ ਕਬਜ਼ਾ ਲੈਣ ਆਈ ਟੀਮ ਬੇਰੰਗ ਪਰਤੀ
ਪੱਤਰ ਪ੍ਰੇਰਕ
ਬਨੂੜ, 5 ਜੁਲਾਈ
ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਅੱਜ ਢੇਲਪੁਰ ਵਿਖੇ ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਸਕਿਆ। ਅਥਾਰਿਟੀ ਦੇ ਕਰਮਚਾਰੀ ਦੈੜੀ ਤੋਂ ਕੁਰਾਲੀ ਤੱਕ ਬਣਾਈ ਜਾ ਰਹੀ ਐਕਸਪ੍ਰੈਸ ਵੇਅ ਦਾ ਕੰਮ ਆਰੰਭ ਕਰਨ ਲਈ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਸਨ। ਇਸ ਮੌਕੇ ਮੁਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਅਤੇ ਮੁਹਾਲੀ ਦੇ ਨਾਇਬ ਤਹਿਸੀਲਦਾਰ ਅਰਜਣ ਸਿੰਘ ਗਰੇਵਾਲ ਵੀ ਮੌਜੂਦ ਸਨ। ਕਿਸਾਨਾਂ ਨੇ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਗੁਰਮੁਖ ਸਿੰਘ ਲਾਂਡਰਾਂ, ਜਸਪਾਲ ਸਿੰਘ ਆਦਿ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦੇ ਵਰਕਰ ਵੀ ਕਿਸਾਨਾਂ ਦੇ ਹੱਕ ਵਿੱਚ ਪਹੁੰਚੇ ਹੋਏ ਸਨ। ਸਵੇਰੇ ਸਾਢੇ ਨੌਂ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਸਮੁੱਚਾ ਪ੍ਰਸ਼ਾਸਨਿਕ ਅਮਲਾ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਦੀ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਹਾਲੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੇ, ਉਨ੍ਹਾਂ ਕਿਸਾਨਾਂ ਦੀ ਜ਼ਮੀਨ ਉੱਤੇ ਉਹ ਕਿਸੇ ਵੀ ਕੀਮਤ ’ਤੇ ਕਬਜ਼ਾ ਨਹੀਂ ਲੈਣ ਦੇਣਗੇ।
ਇਸ ਮੌਕੇ ਹਰਮਿੰਦਰ ਸਿੰਘ ਗੁਡਾਣਾ, ਸ਼ੇਰ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਰਕੀਟ ਕੀਮਤ ਨਾਲੋਂ ਅੱਧੀ ਕੀਮਤ ਉੱਤੇ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਕਿਸਾਨਾਂ ਦੀ ਸਾਂਝੀ ਮੀਟਿੰਗ ਮੁਹਾਲੀ ਵਿਖੇ ਬੁਲਾਏ ਜਾਣ ਦੀ ਸਹਿਮਤੀ ਮਗਰੋਂ ਦੋਵੇਂ ਧਿਰਾਂ ਵਾਪਸ ਚਲੀਆਂ ਗਈਆਂ।
ਇਸੇ ਤਰ੍ਹਾਂ ਬੀਤੀ ਸ਼ਾਮ ਪਿੰਡ ਮਨੌਲੀ ਸੂਰਤ ਵਿਖੇ ਜ਼ਮੀਨ ਦਾ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਦੂਜੀ ਵਾਰ ਬੇਰੰਗ ਪਰਤਣਾ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਪਹੁੰਚੇ ਡੀਆਰਓ ਨੇ ਜ਼ਮੀਨ ਦਾ ਮੁਆਵਜ਼ਾ ਖਾਤਿਆਂ ਵਿੱਚ ਭੇਜਣ ਦਾ ਭਰੋਸਾ ਦਿੱਤਾ ਸੀ ਪਰ ਉਹ ਪੂਰਾ ਨਹੀਂ ਹੋਇਆ।