ਕਿਸਾਨਾਂ ਦੇ ਵਿਰੋਧ ਕਾਰਨ ਘਰ ਦੀ ਕੁਰਕੀ ਰੁਕੀ
ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਵੱਲੋਂ ਕਰਨੈਲ ਸਿੰਘ ਭੂਦਨ ਦੀ ਅਗਵਾਈ ਹੇਠ ਸਥਾਨਕ ਕ੍ਰਿਸ਼ਨਾ ਕਲੋਨੀ ਵਿੱਚ ਦਵਿੰਦਰ ਕੁਮਾਰ ਦੇ ਘਰ ਦੀ ਕੁਰਕੀ ਰੋਕੀ ਗਈ। ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਕੇਵਲ ਸਿੰਘ ਭੀੜ ਨੇ ਦੱਸਿਆ ਕਿ ਕ੍ਰਿਸ਼ਨਾ ਕਲੋਨੀ ਵਾਸੀ ਦਵਿੰਦਰ ਕੁਮਾਰ ਨੇ 2020 ਵਿੱਚ ਏ.ਯੂ. ਸਮਾਲ ਫਾਈਨਾਂਸ ਕੰਪਨੀ ਸੰਗਰੂਰ ਤੋਂ ਕਰਜ਼ਾ ਲਿਆ ਸੀ ਜਿਸ ਦੀ 20 ਹਜ਼ਾਰ ਰੁਪਏ ਮਹੀਨਾ ਕਿਸ਼ਤ ਸੀ। ਦਵਿੰਦਰ ਕੁਮਾਰ ਵੱਲੋਂ 25 ਕਿਸ਼ਤਾਂ (ਤਕਰੀਬਨ 5 ਲੱਖ ਰੁਪਏ) ਭਰ ਦਿੱਤੀਆਂ ਗਈਆਂ ਸਨ ਪਰ ਘਰ ਦੀ ਕਿਸੇ ਮਜਬੂਰੀ ਕਾਰਨ ਉਹ ਕਿਸ਼ਤ ਨਹੀਂ ਭਰ ਸਕਿਆ। ਦਵਿੰਦਰ ਕੁਮਾਰ ਅੱਜ ਵੀ ਕਹਿ ਰਿਹਾ ਕਿ ਉਹ ਪੈਸੇ ਵਾਪਸ ਦੇਵੇਗਾ ,ਉਸ ਨੂੰ ਕੁਝ ਸਮਾਂ ਦਿੱਤਾ ਜਾਵੇ ਪ੍ਰੰਤੂ ਮਾਲੇਰਕੋਟਲਾ ਦੇ ਏਡੀਸੀ ਨੇ ਫਾਈਨੈਂਸ ਕੰਪਨੀ ਦੇ ਹੱਕ ਵਿੱਚ ਭੁਗਤਦੇ ਹੋਏ ਦਵਿੰਦਰ ਕੁਮਾਰ ਦੇ ਘਰ ਦੀ ਕੁਰਕੀ ਦੇ ਹੁਕਮ ਦਿੱਤੇ ਸਨ। ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਸਵੇਰੇ ਤੋ ਹੀ ਦਵਿੰਦਰ ਕੁਮਾਰ ਦੇ ਘਰ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਸੀ। ਘਰ ਦੀ ਕੁਰਕੀ ਕਰਨ ਆਏ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਖ਼ਾਲੀ ਹੱਥ ਵਾਪਸ ਪਰਤ ਗਏ। ਇਸ ਮੌਕੇ ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਸਤਿਨਾਮ ਸਿੰਘ ਮਾਣਕ ਮਾਜਰਾ, ਰਵਿੰਦਰ ਸਿੰਘ ਕਾਸਾਪੁਰ, ਮਹਿੰਦਰ ਸਿੰਘ, ਮੇਜਰ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ ਉਪੋਕੀ , ਦਰਸ਼ਨ ਸਿੰਘ ਰੋਲਾ ਆਦਿ ਕਿਸਾਨ ਹਾਜ਼ਰ ਸਨ