ਮਨੀਪੁਰ ਕਾਂਡ ਕਾਰਨ ਦੁਨੀਆ ਅੱਗੇ ਸ਼ਰਮਸਾਰ ਹੋਇਆ ਦੇਸ਼: ਵੜਿੰਗ
ਗੁਰਿੰਦਰ ਸਿੰਘ
ਲੁਧਿਆਣਾ, 23 ਜੁਲਾਈ
ਇੱਥੇ ਪੰਜਾਬ ਕਾਂਗਰਸ ਨੇ ਸੱਤਿਆਗ੍ਰਹਿ ਦੌਰਾਨ ਮੌਨ ਵਰਤ ਰੱਖਿਆ। ਸੱਤਿਆਗ੍ਰਹਿ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਸਣੇ ਵਧੇਰੇ ਵੱਡੇ ਆਗੂ ਮੌਜੂਦ ਸਨ। ਸੱਤਿਆਗ੍ਰਹਿ ਦੌਰਾਨ ਆਗੂਆਂ ਨੇ ਰਾਹੁਲ ਗਾਂਧੀ ’ਤੇ ਦਰਜ ਹੋਏ ਕੇਸ ਤੇ ਮਨੀਪੁਰ ਵਿੱਚ ਹੋਈ ਘਟਨਾ ਖ਼ਿਲਾਫ਼ ਮੌਨ ਵਰਤ ਰੱਖਿਆ।
ਇਸ ਦੌਰਾਨ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਮਨੀਪੁਰ ਦੀ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਕੇ ਦੋ ਲੜਕੀਆਂ ਨਾਲ ਵਹਿਸ਼ੀਆਨਾ ਕਾਰਾ ਕਰਨ ਵਾਲੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਸਨਅਤੀ ਸ਼ਹਿਰ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਵਿੱਚ ਸੱਤਿਆਗ੍ਰਹਿ ਦੌਰਾਨ ਕਾਂਗਰਸੀ ਆਗੂਆਂ ਨੇ ਮੱਥੇ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਮਨੀਪੁਰ ਦੀਆਂ ਦਿਲ-ਕੰਬਾਊ ਘਟਨਾਵਾਂ ਨੇ ਦੇਸ਼ ਦਾ ਸਿਰ ਪੂਰੀ ਦੁਨੀਆ ਵਿੱਚ ਨੀਵਾਂ ਕਰ ਦਿੱਤਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਮਨੀਪੁਰ ਵਿੱਚ ਲੋਕਾਂ ਦੀ ਇੱਜ਼ਤ ਤੋਂ ਇਲਾਵਾ ਜਾਨ ਅਤੇ ਮਾਲ ਨੂੰ ਵੱਡਾ ਖ਼ਤਰਾ ਬਣਿਆ ਹੋਇਆ ਹੈ ਪਰ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਇਸ ਮੌਕੇ ਵਰਕਰਾਂ ਨੇ ਵੱਖ-ਵੱਖ ਨਾਅਰੇ ਲਿਖੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ।
ਇਹ ਮੋਨ ਵਰਤ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਿਆ। ਇਸ ਦੌਰਾਨ ਪੁਲੀਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਇਸ ਮੌਕੇ ਰਾਣਾ ਕੇਪੀ ਸਿੰਘ, ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ, ਲਖਵੀਰ ਸਿੰਘ ਲੱਖਾ, ਹਰਮਿੰਦਰ ਸਿੰਘ ਗਿੱਲ, ਈਸ਼ਵਰਜੋਤ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਗੁਰਕੀਰਤ ਸਿੰਘ ਕੋਟਲੀ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਕੈਪਟਨ ਸੰਦੀਪ ਸੰਧੂ ਸਮੇਤ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।
ਕੁਲਤਾਰ ਸੰਧਵਾਂ ਨੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ
ਚੰਡੀਗੜ੍ਹ (ਟਨਸ): ਮਨੀਪੁਰ ਘਟਨਾ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਸੰਧਵਾਂ ਨੇ ਪੱਤਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਸੰਧਵਾਂ ਨੇ ਲਿਖਿਆ ਕਿ ਮਨੀਪੁਰ ਹਿੰਸਾ ਲਈ ਉੱਥੇ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਹ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਨਿਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਸਰਕਾਰ ਨੂੰ ਬਰਖਾਸਤ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੰਧਵਾਂ ਨੇ ਕਿਹਾ ਕਿ ਉਹ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰਾਖੀ ਲਈ ਉਨ੍ਹਾਂ ਤੋਂ ਮਦਦ ਦੀ ਆਸ ਕਰਦੇ ਹਨ।