ਮਾਲ ਮਹਿਕਮੇ ਦੀ ਢਿੱਲ ਕਾਰਨ ਖਣਨ ਮਾਫ਼ੀਆ ਦੇ ਹੌਸਲੇ ਬੁਲੰਦ
ਜਗਮੋਹਨ ਸਿੰਘ
ਘਨੌਲੀ, 21 ਨਵੰਬਰ
ਇੱਥੋਂ ਨੇੜਲੇ ਪਿੰਡਾਂ ਮਕੌੜੀ ਕਲਾਂ ਤੇ ਮਕੌੜੀ ਖੁਰਦ ਵਿੱਚ ਖਣਨ ਮਾਫੀਆ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਨਦੀਆਂ ਤੇ ਪਹਾੜ ਪੁੱਟ ਕੇ ਘਨੌਲੀ ਇਲਾਕੇ ਦੇ ਪਿੰਡਾਂ ਵਿੱਚ ਮਿੱਟੀ ਤੇ ਰੇਤੇ ਨਾਲ ਭਰਤ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹਲਕਾ ਪਟਵਾਰੀ ਦੀ ਕਥਿਤ ਅਣਗਹਿਲੀ ਕਾਰਨ ਜੰਗਲਾਤ ਤੇ ਖਣਨ ਮਹਿਕਮਾ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਨ ਤੋਂ ਬੇਵੱਸ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਐੱਸਐੱਚਓ ਥਾਣਾ ਸਦਰ ਰੂਪਨਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਖਣਨ ਵਿਭਾਗ ਦੇ ਜੇਈ ਤੇ ਵਣ ਵਿਭਾਗ ਦੇ ਬੇਲਦਾਰ ਵੱਲੋਂ 29 ਅਗਸਤ ਨੂੰ ਪਿੰਡ ਮਕੌੜੀ ਖੁਰਦ ਵਿੱਚ ਪਹਾੜੀ ਇਲਾਕੇ ਦਾ ਮੌਕਾ ਦੇਖਿਆ ਗਿਆ ਤੇ ਖਣਨ ਦੀ ਪੁਸ਼ਟੀ ਹੋਈ। ਜੰਗਲਾਤ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਗਿਆ ਕਿ ਇਹ ਰਕਬਾ ਜੰਗਲਾਤ ਮਹਿਕਮੇ ਦੀ ਦਫਾ 4 ਤੇ 5 ਅਧੀਨ ਬੰਦ ਹੈ। ਇਸ ਉਪਰੰਤ 30 ਅਗਸਤ ਨੂੰ ਜਲ ਨਿਕਾਸ ਕਮ ਮਾਈਨਿੰਗ ਐਂਡ ਜੁਆਲੋਜੀ ਉਪ ਮੰਡਲ ਵੱਲੋਂ ਤਹਿਸੀਲਦਾਰ ਰੂਪਨਗਰ ਰਾਹੀਂ ਹਲਕਾ ਪਟਵਾਰੀ ਨੂੰ ਜ਼ਮੀਨ ਦੀ ਮਾਲਕੀ ਦੱਸਣ ਲਈ ਪੱਤਰ ਭੇਜਿਆ ਗਿਆ। ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਬਲਜਿੰਦਰ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਵੀ ਆਪਣੇ ਦਫ਼ਤਰ ਰਾਹੀਂ ਵੱਖਰੇ ਪੱਤਰ ਜ਼ਮੀਨ ਦੀ ਮਾਲਕੀ ਦੱਸਣ ਲਈ ਮਾਲ ਮਹਿਕਮੇ ਨੂੰ ਭੇਜੇ ਗਏ ਪਰ ਢਾਈ ਮਹੀਨਿਆਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ। ਜਾਣਕਾਰੀ ਅਨੁਸਾਰ ਪਿੰਡ ਮਕੌੜੀ ਕਲਾਂ ਵਿਚ ਵੀ ਖਣਨ ਮਾਫ਼ੀਆ ਵੱਲੋਂ ਬੇਖੌਫ਼ ਮਨਸਾਲੀ ਚੋਅ ਵਿੱਚੋਂ ਰੇਤਾ ਤੇ ਮਿੱਟੀ ਪੁੱਟ ਕੇ ਲੋਕਾਂ ਦੇ ਨਵੇਂ ਬਣ ਰਹੇ ਮਕਾਨਾਂ ਵਿੱਚ ਭਰਤ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਖਣਨ ਵਿਭਾਗ ਦੇ ਪੱਤਰਾਂ ਨੂੰ ਟਿੱਚ ਸਮਝਿਆ ਜਾ ਰਿਹੈ: ਐੱਸਡੀਓ
ਜਲ ਸਰੋਤ-ਕਮ-ਖਣਨ ਵਿਭਾਗ ਰੂਪਨਗਰ ਦੇ ਐੱਸਡੀਓ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਲ ਮਹਿਕਮੇ ਅਤੇ ਸਬੰਧਤ ਪਟਵਾਰੀਆਂ ਵੱਲੋਂ ਜ਼ਮੀਨ ਦੀ ਮਾਲਕੀ ਦੱਸਣ ਤੋਂ ਬੇਲੋੜਾ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਦੇ ਵਿਭਾਗ ਦੇ ਪੱਤਰਾਂ ਨੂੰ ਟਿੱਚ ਸਮਝਿਆ ਜਾ ਰਿਹਾ ਹੈ।
ਮੈਨੂੰ ਕਿਸੇ ਦਾ ਕੋਈ ਪੱਤਰ ਨਹੀਂ ਮਿਲਿਆ: ਪਟਵਾਰੀ
ਇਨ੍ਹਾਂ ਪਿੰਡਾਂ ਦੀ ਪਟਵਾਰੀ ਨਿਰਮਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਦੋਵੇਂ ਵਿਭਾਗਾਂ ਦਾ ਕੋਈ ਪੱਤਰ ਨਹੀਂ ਮਿਲਿਆ।
ਮਾਲ ਮਹਿਕਮਾ ਸਹਿਯੋਗ ਨਹੀਂ ਦੇ ਰਿਹਾ: ਡੀਐੱਫਓ
ਡੀਐੱਫਓ ਰੂਪਨਗਰ ਹਰਜਿੰਦਰ ਸਿੰਘ ਨੇ ਕਿਹਾ ਕਿ ਮਾਲ ਮਹਿਕਮੇ ਵੱਲੋਂ ਜ਼ਮੀਨ ਦੀ ਮਾਲਕੀ ਦੱਸਣ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ।