ਪੁਲੀਸ ਦੀ ਸਖ਼ਤੀ ਨਾ ਹੋਣ ਕਾਰਨ ਬੁਲੇਟ ਚਾਲਕਾਂ ਦੇ ਹੌਸਲੇ ਵਧੇ
ਸ਼ਗਨ ਕਟਾਰੀਆ
ਬਠਿੰਡਾ, 4 ਜੂਨ
ਬੁਲੇਟ ਮੋਟਰਸਾਈਕਲ ਦੀ ਸਵਾਰੀ ਨੂੰ ਅਜੋਕੇ ਦੌਰ ਦੀ ਜਵਾਨੀ ਨਵਾਬੀ ਠਾਠ ਸਮਝਦੀ ਹੈ। ਸਿਆਣੀ ਉਮਰ ਦੇ ਵਿਅਕਤੀ ਵੀ ਬੁਲੇਟ ਦੀ ਸਵਾਰੀ ਨੂੰ ਆਨੰਦਮਈ ਸਮਝਦੇ ਹਨ। ਨੌਜਵਾਨਾਂ ‘ਚ ਬੁਲੇਟ ‘ਤੇ ਪਟਾਕੇ ਪਾਉਣ ਵਾਲੇ ਸਾਇਲੈਂਸਰ ਲਵਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਟ੍ਰੈਫ਼ਿਕ ਪੁਲੀਸ ਵਲੋਂ ਮੋਟਰਸਾਈਕਲਾਂ ਰਾਹੀਂ ਪਟਾਖੇ ਮਾਰਨ ਵਾਲਿਆਂ ਖ਼ਿਲਾਫ਼ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਇਹ ਕਾਰਵਾਈ ਆਟੇ ਵਿਚ ਲੂਣ ਬਰਾਬਰ ਹੈ ਜਿਸ ਕਾਰਨ ਪਟਾਕੇ ਮਾਰਨ ਦਾ ਰੁਝਾਨ ਜਾਰੀ ਹੈ।
ਦੂਜੇ ਪਾਸੇ ਬੁਲੇਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਛੋਟੇ ਬੱਚੇ, ਬਜ਼ੁਰਗ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਬਹੁਤ ਪ੍ਰੇਸ਼ਾਨ ਹਨ। ਸੜਕ ‘ਤੇ ਵਾਹਨ ਚਲਾ ਰਹੇ ਚਾਲਕ ਕਈ ਵਾਰ ਬੁਲੇਟ ਦੇ ਪਟਾਕਿਆਂ ਦੀ ਅਚਾਨਕ ਕੰਨਾਂ ‘ਚ ਪਈ ਆਵਾਜ਼ ਤੋਂ ਤ੍ਰਹਿ ਕੇ ਆਪਣੇ ਵਾਹਨਾਂ ਦਾ ਸੰਤੁਲਨ ਵਿਗਾੜ ਬੈਠਦੇ ਹਨ ਅਤੇ ਅਜਿਹੇ ਮੌਕੇ ਹਾਦਸੇ ਦੀ ਸੰਭਾਵਨਾ ਵਧ ਜਾਂਦੀ ਹੈ। ਸਮਾਜ ਦੇ ਸੁਹਿਰਦ ਹਲਕਿਆਂ ਵੱਲੋਂ ਪੁਲੀਸ ਦੀ ਇਸ ਕਾਰਵਾਈ ਨੂੰ ‘ਨਾ-ਕਾਫ਼ੀ’ ਕਹਿ ਕੇ ਉਂਗਲ ਚੁੱਕੀ ਜਾ ਰਹੀ ਹੈ।
ਲੋਕਾਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਨੂੰ ਮੌਕੇ ‘ਤੇ ਹੀ ਜ਼ਬਤ ਕੀਤਾ ਜਾਵੇ ਤੇ ਚਾਲਕਾਂ ਖ਼ਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇ।
ਪੁਲੀਸ ਨੇ ਚਾਰ ਸਾਲਾਂ ਵਿੱਚ ਸਿਰਫ਼ 13 ਮੋਟਰਸਾਈਕਲਾਂ ਦੇ ਸਾਇਲੈਂਸਰ ਉਤਰਵਾਏ
ਆਰਟੀਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਪਟਾਕੇ ਪਾਉਣ ਵਾਲੇ ਬੁਲੇਟ ਚਾਲਕਾਂ ਖ਼ਿਲਾਫ਼ ਜ਼ਿਲ੍ਹਾ ਪੁਲੀਸ ਵੱਲੋਂ 2019 ਤੋਂ ਹੁਣ ਤੱਕ ਕੀਤੀ ਕਾਰਵਾਈ ਦੀ ਜਾਣਕਾਰੀ ਮੰਗੀ ਗਈ। 2 ਜੂਨ 2023 ਨੂੰ ਬਠਿੰਡਾ ਪੁਲੀਸ ਕੋਲੋਂ 2019 ਤੋਂ 2023 ਦੇ ਵਰਤਮਾਨ ਸਮੇਂ ਤੱਕ ਮਿਲੇ ਵੇਰਵਿਆਂ ਮੁਤਾਬਿਕ ਸਿਟੀ ਟ੍ਰੈਫ਼ਿਕ ਪੁਲੀਸ ਬਠਿੰਡਾ ਵੱਲੋਂ ਬੁਲੇਟਾਂ ਦੇ ਪਟਾਕੇ ਵਾਲਿਆਂ ਦੇ 457 ਚਲਾਨ ਕੀਤੇ ਗਏ ਜਦ ਕਿ 33 ਮੋਟਰਸਾਈਕਲ ਜ਼ਬਤ ਕੀਤੇ ਗਏ ਅਤੇ 13 ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰੇ ਗਏ। ਸਾਇਲੈਂਸਰ ਉਤਾਰੇ ਜਾਣ ਵਾਲੇ ਬੁਲੇਟਾਂ ਦੀ ਗਿਣਤੀ 2019, 2020 ਅਤੇ 2023 (ਮਈ ਮਹੀਨੇ ਤੱਕ) ਕੋਈ ਨਹੀਂ। ਜਦ ਕਿ 2021 ਦੌਰਾਨ ਇਹ ਅੰਕੜਾ 11 ਸੀ ਅਤੇ 2022 ‘ਚ ਇਹ ਸਿਰਫ 2 ਰਿਹਾ।