ਹੜ੍ਹਾਂ ਦੀ ਮਾਰ ਤੋਂ ਬਾਅਦ ਮੀਂਹ ਨਾ ਪੈਣ ਕਰ ਕੇ ਔੜ ਵਰਗੇ ਹਾਲਾਤ ਬਣੇ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਸਤੰਬਰ
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਤੋਂ ਬਾਅਦ ਮੀਂਹ ਨਾ ਪੈਣ ਕਰ ਕੇ ਹੁਣ ਔੜ ਵਰਗੀ ਹਾਲਤ ਹੋ ਗਈ ਹੈ। ਝੋਨੇ ਦੀ ਫ਼ਸਲ ਨਿਸਰਦੀ ਹੋਣ ਕਰ ਕੇ ਅਤੇ ਨਰਮੇ ਦੇ ਟੀਂਡੇ ਬਣਨ ਦੀ ਹਾਲਤ ਵਿੱਚ ਦੋਵਾਂ ਫ਼ਸਲਾਂ ਲਈ ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਦੂਜੇ ਪਾਸੇ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਵੱਲੋਂ ਕਿਸਾਨਾਂ ਨੂੰ ਸਿਰਫ਼ ਤਿੰਨ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਝੋਨੇ, ਨਰਮੇ ਸਣੇ ਹੋਰ ਸਾਉਣੀ ਦੀਆਂ ਫ਼ਸਲਾਂ ਨੂੰ ਔੜ ਨਾ ਲੱਗਣ ਦੇਣ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਇਸ ਵੇਲੇ ਪਾਣੀ ਦੀ ਰਹੀ ਘਾਟ ਕਾਰਨ ਝਾੜ ਉੱਪਰ ਮਾੜੇ ਅਸਰ ਦਾ ਖ਼ਦਸ਼ਾ ਪੈਦਾ ਹੋਣ ਲੱਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ, ਮਾਖਾ, ਰਾਏਪੁਰ, ਖੋਖਰ ਕਲਾਂ, ਖੋਖਰ ਖੁਰਦ, ਭੈਣੀਬਾਘਾ ਸਣੇ ਹੋਰ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਨਰਮੇ ਦੀ ਫ਼ਸਲ ਚੰਗੀ ਹੈ, ਪਰ ਕਿਸਾਨ ਲੋੜ ਅਨੁਸਾਰ ਫ਼ਸਲ ਨੂੰ ਲਗਾਤਾਰ ਪਾਣੀ ਦਿੰਦੇ ਰਹਿਣ। ਵਿਭਾਗ ਨੇ ਕਿਸਾਨਾਂ ਨੂੰ ਦਵਾਈਆਂ ਦੇ ਅੰਨ੍ਹੇਵਾਹ ਛਿੜਕਾਅ ਤੋਂ ਵੀ ਵਰਜਿਆ ਹੈ।
ਖੇਤੀ ਮਾਹਿਰਾਂ ਨੇ ਦੱਸਿਆ ਕਿ ਇਸ ਸਮੇਂ ਕਿਸਾਨਾਂ ਨੂੰ ਜਿੰਨਾ ਕੀੜਿਆਂ ਤੋਂ ਫ਼ਸਲ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ, ਉਨ੍ਹਾਂ ਹੀ ਲਗਾਤਾਰ ਪਾਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਬੀਟੀ ਫ਼ਸਲ ਨੂੰ ਖਾਦ ਦੀ ਘਾਟ ਬਿਲਕੁਲ ਨਹੀਂ ਆਉਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ ਦਾ ਘੋਲ, 100 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਕਰਨ।
ਇਸੇ ਦੌਰਾਨ ਉਨ੍ਹਾਂ ਝੋਨੇ ਸਣੇ ਸਾਉਣੀ ਦੀਆਂ ਹੋਰ ਫ਼ਸਲਾਂ ਨੂੰ ਲਗਾਤਾਰ ਪਾਣੀ ਦੇਣ ਦੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਹਿਲਾਂ ਫ਼ਸਲਾਂ ਨੂੰ ਮੀਂਹਾਂ ਅਤੇ ਹੜ੍ਹਾਂ ਦੀ ਮਾਰ ਨੇ ਝੰਬ ਦਿੱਤਾ ਹੈ ਅਤੇ ਹੁਣ ਔੜ ਵਰਗੀ ਸਥਿਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਲਈ ਵੀ ਹੁਣ ਸਿਰਫ਼ ਤਿੰਨ ਘੰਟੇ ਸਪਲਾਈ ਦਿੱਤੀ ਜਾ ਰਹੀ ਹੈ।
ਦੂਜੇ ਪਾਸੇ, ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਪਾਣੀ ਲਾਉਣਾ ਪੈ ਰਿਹਾ ਹੈ। ਮੌਸਮ ਨੇ ਕਿਸਾਨਾਂ ਦੇ ਖ਼ਰਚੇ ਵਧਾ ਦਿੱਤੇ ਹਨ।