ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਕਦੇ ਵੀ ਵਾਪਰ ਸਕਦੈ ਹਾਦਸਾ
ਪੱਤਰ ਪ੍ਰੇਰਕ
ਦੇਵੀਗੜ੍ਹ, 26 ਜੂਨ
ਇੱਥੇ ਪਟਿਆਲਾ-ਪਿਹਵਾ ਵਾਇਆ ਦੇਵੀਗੜ੍ਹ ਹਰਿਆਣੇ ਨੂੰ ਮਿਲਾਉਂਦਾ ਰਾਜ ਮਾਰਗ ਹੈ, ਜਿਸ ਉੱਤੇ ਰੋਜ਼ਾਨਾ ਕਾਫ਼ੀ ਵਾਹਨ ਲੰਘਦੇ ਹਨ। ਇਸ ਉਪਰ ਕਸਬਾ ਦੇਵੀਗੜ੍ਹ ਨੇੜੇ ਇੱਕ ਪੁਲ ਹੈ, ਜਿਸ ਦੇ ਇੱਕ ਪਾਸੇ ਰੇਲਿੰਗ ਹੀ ਟੁੱਟੀ ਪਈ ਹੈ। ਇਸ ਕਾਰਨ ਇਸ ‘ਤੇ ਚਲਦੀ ਆਵਾਜਾਈ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਟੁੱਟੀ ਰੇਲਿੰਗ ਵੱਡੀ ਸੜਕ ਦੇ ਬਿਲਕੁਲ ਉਪਰ ਹੈ। ਜੇ ਇਸ ਪੁਲ ਤੋਂ ਮਾੜਾ ਜਿੰਨਾ ਵੀ ਕੋਈ ਵਾਹਨ ਇਧਰ-ਉੱਧਰ ਹੋ ਗਿਆ ਤਾਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਸ ਤੋਂ ਪਹਿਲਾਂ ਵੀ ਇਥੇ ਮੋਟਰਸਾਈਕਲ ‘ਤੇ ਪਤੀ ਪਤਨੀ ਜਾ ਰਹੇ ਸਨ ਕਿ ਉਹ ਇਸ ਪੁਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਗਏ ਅਤੇ ਮਸਾਂ ਹੀ ਬਚੇ ਸਨ। ਸਬੰਧਤ ਵਿਭਾਗ ਇਸ ਪੁਲ ‘ਤੇ ਕਦੇ ਕਦੇ ਝੰਡੀਆਂ ਜਾਂ ਮਿੱਟੀ ਦੀਆਂ ਬੋਰੀਆਂ ਤਾਂ ਜ਼ਰੂਰ ਲਗਾ ਦਿੰਦਾ ਹੈ ਪਰ ਇਸ ‘ਤੇ ਰੇਲਿੰਗ ਨਾ ਲਗਾਉਣ ਕਾਰਨ ਉਹ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਹੈ। ਰਾਤ ਨੂੰ ਤਾਂ ਇੱਥੋਂ ਲੰਘਣਾ ਹੋਰ ਵੀ ਮੁਸ਼ਕਲ ਹੈ। ਵਾਹਨਾਂ ਦੀਆਂ ਲਾਈਟਾਂ ਪੈਣ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਇਸ ਪੁਲ ਤੇ ਜਲਦੀ ਰੇਲਿੰਗ ਲਗਾਈ ਜਾਵੇ ਤਾਂ ਜੋ ਹਾਦਸੇ ਤੋਂ ਬਚਾਅ ਹੋ ਸਕੇ।
ਫੰਡ ਮਿਲਦੇ ਹੀ ਰੇਲਿੰਗ ਲਗਵਾ ਦਿੱਤੀ ਜਾਵੇਗੀ: ਐੱਸਡੀਓ
ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਐੱਸਡੀਓ ਮੋਹਨ ਲਾਲ ਤੋਂ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਪੁਲ ਦੀ ਟੁੱਟੀ ਰੇਲਿੰਗ ਲਗਾਉਣ ਲਈ ਸਾਡੇ ਕੋਲ ਫੰਡ ਨਹੀਂ ਹਨ, ਜਲਦੀ ਹੀ ਫੰਡਾਂ ਦਾ ਪ੍ਰਬੰਧ ਕਰਕੇ ਇਸ ਪੁਲ ਦੀ ਰੇਲਿੰਗ ਲਗਵਾ ਦਿੱਤੀ ਜਾਵੇਗੀ।