ਬਰੇਟਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਹੜ੍ਹ ਦਾ ਖ਼ਦਸ਼ਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਜੁਲਾਈ
ਪੰਜਾਬ ਦੇ ਡਰੇਨੇਜ ਵਿਭਾਗ ਵੱਲੋਂ ਡਰੇਨਾਂ ਦੀ ਸਫ਼ਾਈ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਗੋਬਿੰਦਗੜ੍ਹ ਜੇਜੀਆਂ, ਸੰਗਤਪੁਰਾ, ਹਰਿਆਊ, ਫਤਿਹਗੜ੍ਹ ਅਤੇ ਹੋਰਨਾਂ ਪਿੰਡਾਂ ’ਚੋਂ ਲੰਘਦੀ ਬਰੇਟਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਭਾਰੀ ਮੀਂਹ ਦੌਰਾਨ ਹੜ੍ਹ ਦਾ ਖਦਸ਼ਾ ਹੈ। ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਪੁਲਾਂ ਹੇਠੋਂ ਡਰੇਨਾਂ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਕੁੱਝ ਥਾਵਾਂ ’ਤੇ ਤਾਂ ਜਲ ਬੂਟੀ ਅਤੇ ਘਾਹ ਡਰੇਨ ਵਿੱਚ ਖੜ੍ਹਾ ਹੈ।
ਇਸ ਸਬੰਧੀ ਕਿਸਾਨ ਜਥੇਬੰਦੀਆਂ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਜਿਹੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਕਿਸ ਤਰ੍ਹਾਂ ਹੋਵੇਗੀ। ਇਸ ਦੌਰਾਨ ਇਹ ਪਤਾ ਲੱਗਾ ਕਿ ਕੁੱਝ ਥਾਵਾਂ ’ਤੇ ਬੂਟੀ ਨੂੰ ਕੱਢ ਕੇ ਡਰੇਨ ਦੇ ਵਿੱਚ ਹੀ ਦੋਵੇਂ ਪਾਸੇ ਇਕੱਠਾ ਕੀਤਾ ਗਿਆ ਹੈ ਜੋ ਕਿ ਡਰੇਨ ਵਿੱਚ ਪਾਣੀ ਆਉਣ ’ਤੇ ਵਹਾਅ ਨਾਲ ਦੁਬਾਰਾ ਫਿਰ ਡਰੇਨ ਦੇ ਵਿੱਚ ਜਾ ਕੇ ਪਾਣੀ ਨਿਕਾਸੀ ਵਿੱਚ ਰੁਕਾਵਟ ਬਣੇਗੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਪਿੰਡ ਡਸਕਾ ਦੇ ਇਕਾਈ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਅੰਗਰੇਜ਼ ਸਿੰਘ, ਗੁਰਦੇਵ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਰਜਬਾਹਿਆਂ ਦੀ ਸਫਾਈ ਅਧਿਕਾਰੀਆਂ ਲਈ ਸੋਨੇ ਦੀ ਖਾਨ ਹੈ ਕਿਉਂਕਿ ਅਧਿਕਾਰੀਆਂ ਵੱਲੋਂ ਮਿੱਟੀ ਤੇ ਬੂਟੀ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ, ਕਿਉਂਕਿ ਭ੍ਰਿਸ਼ਟਾਚਾਰ ਦੇ ਚੱਲਦੇ ਮਿੱਟੀ ਤੇ ਬੂਟੀ ਨੂੰ ਕੱਢ ਕੇ ਪਾਸੇ ਸੁੱਟ ਦਿੱਤਾ ਜਾਂਦਾ ਹੈ ਜੋ ਬਾਅਦ ਵਿੱਚ ਫਿਰ ਡਰੇਨਾਂ ਵਿੱਚ ਆ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਜਾਂ ਸਬੰਧਤ ਵਿਭਾਗ ਸੁਨਾਮ ਸਬ-ਡਿਵੀਜ਼ਨ ਅਧੀਨ ਆਉਂਦੀਆਂ ਡਰੇਨਾਂ ਦੀ ਸਫਾਈ ਦੇ ਨਾਂ ’ਤੇ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਕਰਵਾਉਣ ਦੀ ਲੋੜ ਹੈ।
ਦੂਜੇ ਪਾਸੇ ਡਰੇਨਜ ਵਿਭਾਗ ਦੇ ਐੱਸਡੀਓ ਹਰਦੀਪ ਸਿੰਘ ਗੁਲਾਟੀ ਦਾ ਕਹਿਣਾ ਹੈ ਕਿ ਡਰੇਨਾਂ ਦੀ ਸਫ਼ਾਈ ਲਈ ਮਹਿਜ਼ 16 ਲੱਖ ਗਰਾਂਟ ਮਿਲੀ ਸੀ, ਜਿਸ ਨਾਲ ਡਰੇਨਾਂ ਦੀ ਸਫ਼ਾਈ ਦਾ ਕੰਮ ਕਰ ਦਿੱਤਾ ਹੈ ਅਤੇ ਜੇਕਰ ਕਿਸੇ ਥਾਂ ਦੀ ਸ਼ਿਕਾਇਤ ਮਿਲੀ ਤਾਂ ਸਫ਼ਾਈ ਕਰਵਾਈ ਜਾਵੇਗੀ।