ਲਾਲੜੂ ਵਿੱਚ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਖੁਆਰ
ਸਰਬਜੀਤ ਸਿੰਘ ਭੱਟੀ
ਲਾਲੜੂ, 28 ਜੂਨ
ਇਲਾਕੇ ਦੇ ਕਰੀਬ 50-60 ਪਿੰਡਾਂ ਦੇ ਕੇਂਦਰ ਲਾਲੜੂ ਸ਼ਹਿਰ ਵਿੱਚ ਕੋਈ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਸੜਕ ਕਿਨਾਰੇ ਖੜ੍ਹੇ ਹੋ ਕੇ ਤੇ ਜਾਨ ਜੋਖਮ ਵਿੱਚ ਪਾ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇੱਥੇ ਅਧੂਰੇ ਪਏ ਬੱਸ ਅੱਡੇ ਦਾ ਨਿਰਮਾਣ ਤੁਰੰਤ ਮੁਕੰਮਲ ਕਰਵਾਇਆ ਜਾਵੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਲਾਲੜੂ ਸ਼ਹਿਰ ਦੇ ਆਲੇ-ਦੁਆਲੇ ਕਈ ਦਰਜਨ ਪਿੰਡ ਪੈਂਦੇ ਹਨ ਅਤੇ ਸ਼ਹਿਰ ਇੱਕ ਇੰਡਸਟਰੀਅਲ ਹੱਬ ਵੀ ਬਣਦਾ ਜਾ ਰਿਹਾ ਹੈ, ਪਰ ਇੱਥੇ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਚੰਡੀਗੜ੍ਹ ਮੁੱਖ ਮਾਰਗ ਕੰਢੇ ਖੜ੍ਹੇ ਹੋ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਇਸ ਦੌਰਾਨ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਆਧੁਨਿਕ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਜਾਵੇ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਅਧੂਰੇ ਪਏ ਬੱਸ ਅੱਡੇ ਦਾ ਕੰਮ ਫੰਡਾਂ ਦਾ ਪ੍ਰਬੰਧ ਕਰ ਕੇ ਛੇਤੀ ਮੁਕੰਮਲ ਕਰਵਾਇਆ ਜਾਵੇਗਾ।