ਜੰਮੂ-ਕੱਟੜਾ ਹਾਈਵੇਅ ਕਾਰਨ ਜ਼ਮੀਨਾਂ ਦੇ ਟੋਟੇ ਹੋਣ ਦਾ ਮਾਮਲਾ ਉੱਭਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਕਾਰਨ ਪੰਜਾਬ ਦੇ ਖੇਤਾਂ ਵਿੱਚ ਪਏ ਦੋਫ਼ਾੜ ਦਾ ਮਾਮਲਾ ਉੱਭਰਿਆ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਂਝੀ ਜ਼ਮੀਨ ਦੀ ਵੰਡ ਸਭ ਮੈਂਬਰਾਂ ਦੀ ਸਹਿਮਤੀ ਨਾਲ ਹੀ ਹੋ ਸਕਦੀ ਹੈ ਅਤੇ ਤਕਸੀਮ ਦੀ ਪਾਲਿਸੀ ਅਨੁਸਾਰ ਤਕਸੀਮ ਦੇ ਕੇਸ ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੀ ਅਦਾਲਤ ਵਿੱਚ ਦਾਇਰ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਐਕਸਪ੍ਰੈੱਸ ਵੇਅ ਕਾਰਨ ਲੋਕਾਂ ਦੀਆਂ ਜ਼ਮੀਨਾਂ ਦੇ ਟੋਟੇ ਹੋ ਗਏ ਹਨ ਤੇ ਤਕਸੀਮ ਪ੍ਰਕਿਰਿਆ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਇਸ ਸਬੰਧ ਵਿੱਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਮੁਸ਼ਤਰਕਾ ਖਾਤਿਆਂ ਦੀ ਤਕਸੀਮ ਆਦਿ ਬਾਰੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮੁਕਤਸਰ-ਕੋਟਕਪੂਰਾ ਸੜਕ ’ਤੇ ਪਿੰਡ ਵੜਿੰਗ ਨੇੜੇ ਪੈਂਦੇ ਟੌਲ ਪਲਾਜ਼ਾ ਬਾਰੇ ਸਵਾਲ ਪੁੱਛਿਆ, ਜਿਸ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਹ ਟੌਲ 3 ਮਈ 2014 ਨੂੰ ਸ਼ੁਰੂ ਹੋ ਕੇ 13 ਸਤੰਬਰ 2017 ਨੂੰ ਮੁਕੰਮਲ ਹੋਇਆ। ਮੰਤਰੀ ਨੇ ਦੱਸਿਆ ਕਿ ਰਾਜਸਥਾਨ ਅਤੇ ਸਰਹਿੰਦ ਨਹਿਰ ’ਤੇ ਪੁਲ ਬਣਾਏ ਜਾਣ ਦਾ ਕੰਮ ਪ੍ਰਸਤਾਵਿਤ ਹੈ। ਇਹ ਵੀ ਦੱਸਿਆ ਕਿ ਟੌਲ ਏਜੰਸੀ ਨੂੰ ਮਹਿਕਮੇ ਵੱਲੋਂ 15 ਫਰਵਰੀ 2024 ਤੱਕ ਕਰੀਬ 8.23 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ, ਪਰ ਹੁਣ ਇਹ ਮਾਮਲਾ ਕੋਰਟ ਵਿੱਚ ਪੈਡਿੰਗ ਪਿਆ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਵਣਾਂਵਾਲੀ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਗੁਰਦਾ ਟਰਾਂਸਪਲਾਂਟ ਕਰਵਾ ਚੁੱਕੇ ਮਰੀਜ਼ਾਂ ਲਈ ਕੋਈ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਯੋਜਨਾ ਨਹੀਂ ਹੈ, ਪਰ ਉਹ ਕੇਂਦਰੀ ਸਿਹਤ ਮੰਤਰਾਲੇ ਨੂੰ ਇਸ ਦੀ ਤਜਵੀਜ਼ ਭੇਜਣਗੇ।
ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਸਵਾਲ ਦੇ ਜਵਾਬ ਵਿੱਚ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਈਵੇਟ ਕਾਲਜਾਂ ’ਚ ਬਤੌਰ ਪ੍ਰੋਫ਼ੈਸਰ/ਐਸੋਸੀਏਟ ਪ੍ਰੋਫ਼ੈਸਰ/ਸਹਾਇਕ ਪ੍ਰੋਫ਼ੈਸਰ ਦੀ ਤਜਰਬੇ ਦੀ ਸ਼ਰਤ ਨੂੰ 12 ਸਾਲ ਤੋਂ ਘਟਾ ਕੇ 5 ਸਾਲ ਕਰਦੇ ਹੋਏ ਪ੍ਰਿੰਸੀਪਲਾਂ ਦੀ ਭਰਤੀ ਕਰਨਾ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਨਹੀਂ ਹੈ। ਸਰਕਾਰੀ ਕਾਲਜਾਂ ਵਿੱਚ ਵਿਜ਼ਿਟਿੰਗ ਫੈਕਲਟੀ ਟੀਚਿੰਗ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਆਰਜ਼ੀ ਪ੍ਰਬੰਧਾਂ ਵਜੋਂ ਹਾਇਰ ਕੀਤੀ ਜਾਂਦੀ ਹੈ। ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫ਼ੈਸਰਾਂ ਦੀ ਸਿੱਧੀ ਭਰਤੀ ਦੀਆਂ 612 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਕਾਰਵਾਈ ਅਧੀਨ ਹੈ।
ਸਫ਼ੈਦੇ ਜ਼ਮੀਨੀ ਪਾਣੀ ਲਈ ਘਾਤਕ ਨਹੀਂ: ਕਟਾਰੂਚੱਕ
ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਫੈਦਿਆਂ ਬਾਰੇ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਫੈਦਿਆਂ ਵੱਲੋਂ ਵੱਧ ਜ਼ਮੀਨੀ ਪਾਣੀ ਲੈਣ ਬਾਰੇ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 83 ਫ਼ੀਸਦ ਜ਼ਮੀਨੀ ਪਾਣੀ ਦੀ ਵਰਤੋਂ ਖੇਤੀ ਲਈ ਹੁੰਦੀ ਹੈ। ਪਠਾਨਮਾਜਰਾ ਨੇ ਕਿਹਾ ਕਿ ਇੱਕ ਸਫ਼ੈਦਾ ਰੋਜ਼ਾਨਾ 1000 ਲਿਟਰ ਪਾਣੀ ਖਪਾ ਲੈਂਦਾ ਹੈ।