ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਰਮੀ ਕਾਰਨ ਪੋਲਿੰਗ ਬੂਥਾਂ ’ਤੇ ਨਜ਼ਰ ਨਹੀਂ ਆਈ ਰੌਣਕ

10:25 AM Jun 02, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਅੱਜ ਵੋਟਿੰਗ ਪ੍ਰਕਿਰਿਆ ਦੌਰਾਨ ਲਗਭਗ ਅਮਨ ਸ਼ਾਂਤੀ ਰਹੀ। ਪੇਂਡੂ ਖੇਤਰ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕ ਪੋਲਿੰਗ ਬੂਥਾਂ ਉਪਰ ਆਪਸੀ ਮਿਲਵਰਤਨ ਨਾਲ ਬੈਠੇ ਨਜ਼ਰ ਆਏ। ਤਿੰਨ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ 9 ਵਿਧਾਨ ਸਭਾ ਹਲਕਿਆਂ ’ਤੇ ਆਧਾਰਿਤ ਲੋਕ ਸਭਾ ਹਲਕੇ ਵਿੱਚ ਕੁੱਲ 23 ਉਮੀਦਵਾਰ ਚੋਣ ਮੈਦਾਨ ’ਚ ਹਨ। 15 ਲੱਖ 56 ਹਜ਼ਾਰ 601 ਵੋਟਰ ਹਨ ਜਿਨ੍ਹਾਂ ਲਈ ਹਲਕੇ ਵਿਚ ਕੁੱਲ 1765 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਅੱਜ ਸਵੇਰੇ ਸੱਤ ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਸੀ ਪਰੰਤੂ ਗਰਮੀ ਕਾਰਨ ਲੋਕ ਹੌਲੀ ਹੌਲੀ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋਏ। ਵੋਟਿੰਗ ਸ਼ੁਰੂ ਹੋਣ ਤੋਂ ਦੋ ਘੰਟੇ ਬਾਅਦ ਸਵੇਰੇ 9 ਵਜੇ ਤੱਕ 11 ਫੀਸਦੀ ਵੋਟਿੰਗ ਹੋਈ ਸੀ। ਪੋਲਿੰਗ ਸਟੇਸ਼ਨ ਤੋਂ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲਗਾਏ ਬੂਥਾਂ ਉਪਰ ਵੀ ਪਹਿਲਾਂ ਵਾਲਾ ਉਤਸ਼ਾਹ ਨਜ਼ਰ ਨਹੀਂ ਆਇਆ ਅਤੇ ਪਾਰਟੀਆਂ ਦੇ ਸਮਰਥਕ ਆਰਾਮ ਨਾਲ ਬੈਠੇ ਆਪਣੀ ਡਿਊਟੀ ਵਜਾ ਰਹੇ ਸਨ। ਸਵੇਰੇ 11 ਵਜੇ ਤੱਕ 26 ਫੀਸਦੀ ਵੋਟਿੰਗ ਹੀ ਹੋਈ ਸੀ ਪਰੰਤੂ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਫਤਹਿਗੜ੍ਹ ਛੰਨਾਂ ਵਿੱਚ ਸਵੇਰੇ 11 ਵਜੇ ਤੱਕ ਕਰੀਬ 40 ਫੀਸਦੀ ਤੋਂ ਵੱਧ ਵੋਟਿੰਗ ਹੋ ਚੁੱਕੀ ਸੀ ਜਿਥੇ ਵੋਟਰਾਂ ’ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਸ਼ਹਿਰ ਦੇ ਅਨੇਕਾਂ ਪੋਲਿੰਗ ਬੂਥਾਂ ਅਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਵੇਖਿਆ ਗਿਆ ਕਿ ਅਮਨ ਸ਼ਾਂਤੀ ਅਤੇ ਹੌਲੀ ਰਫ਼ਤਾਰ ਨਾਲ ਵੋਟਿੰਗ ਹੋ ਰਹੀ ਸੀ ਅਤੇ ਕਿਸੇ ਵੀ ਪੋਲਿੰਗ ਬੂਥ ਉਪਰ ਵੋਟਰਾਂ ਦੀ ਕੋਈ ਲੰਮੀ ਕਤਾਰ ਨਜ਼ਰ ਨਹੀਂ ਆਈ। ਪਿੰਡ ਬਡਰੁੱਖਾਂ, ਮੰਗਵਾਲ ਅਤੇ ਰੂਪਾਹੇੜੀ ਵਿੱਚ ਕੁੱਝ ਕਤਾਰਾਂ ਜ਼ਰੂਰ ਨਜ਼ਰ ਆਈਆਂ। ਪਿੰਡ ਸਾਰੋਂ ਵਿੱਚ ਪਿੰਡ ਵਾਸੀਆਂ ਵਲੋਂ ਠੰਢੇ-ਮਿੱਠੇ ਪਾਣੀ ਅਤੇ ਜਲ-ਜ਼ੀਰੇ ਦੇ ਪਾਣੀ ਦੀਆਂ ਛਬੀਲਾਂ ਲਗਾਈਆਂ ਹੋਈਆਂ ਸਨ। ਪਿੰਡ ਮੰਗਵਾਲ ਵਿੱਚ ਗਰਮੀ ਦੇ ਬਾਵਜੂਦ 107 ਸਾਲਾ ਬਜ਼ੁਰਗ ਮਾਤਾ ਭਗਵਾਨ ਕੌਰ ਵੀਲ੍ਹ ਚੇਅਰ ਦੇ ਸਹਾਰੇ ਆਪਣੇ ਪੋਤਰੇ ਡਾ. ਸੁਰਿੰਦਰਪਾਲ ਸਿੰਘ ਨਾਲ ਵੋਟ ਪਾਉਣ ਪੁੱਜੀ। ਪਿੰਡ ਫਤਹਿਗੜ੍ਹ ਛੰਨਾਂ ਵਿੱਚ ਅੱਖਾਂ ਤੋਂ ਬੇਨੂਰ ਆਪਣੇ ਦਾਦੇ ਨੂੰ ਛੋਟੀ ਪੋਤੀ ਵੋਟ ਪਵਾਉਣ ਲਈ ਲਿਆਈ ਸੀ। ਪਿੰਡ ਲੱਡਾ ਵਿੱਚ ਪੋਤਰੇ ਦੇ ਸਹਾਰੇ 90 ਸਾਲਾਂ ਦੀ ਬਿਰਧ ਮਾਤਾ ਵੋਟ ਪਾਉਣ ਲਈ ਪੁੱਜੀ। ਪਿੰਡ ਕਾਂਝਲਾ ਵਿੱਚ ਇੱਕ ਬਿਰਧ ਪਤੀ-ਪਤਨੀ ਇੱਕ-ਦੂਜੇ ਦੇ ਸਹਾਰੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੁੱਜੇ। ਦੁਪਹਿਰ ਇੱਕ ਵਜੇ ਤੱਕ 39.85 ਫੀਸਦੀ ਵੋਟਿੰਗ ਹੋ ਚੁੱਕੀ ਸੀ। ਬਾਅਦ ਦੁਪਹਿਰ 3 ਵਜੇ ਤੱਕ 46.84 ਫੀਸਦੀ ਵੋਟਿੰਗ ਹੋਈ ਸੀ। ਭਾਵੇਂ ਕਿ ਪਿੰਡਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਲੋਂ ਪੋਲਿੰਗ ਬੂਥ ਲਗਾਏ ਹੋਏ ਸਨ ਪਰੰਤੂ ਪੇਂਡੂ ਖੇਤਰ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੂਥਾਂ ਉਪਰ ਜ਼ਿਆਦਾ ਰੌਣਕਾਂ ਨਜ਼ਰ ਆਈਆਂ। ਸ਼ਹਿਰੀ ਖੇਤਰ ਵਿੱਚ ਭਾਜਪਾ ਦੇ ਪੋਲਿੰਗ ਬੂਥਾਂ ਉਪਰ ਕਾਫ਼ੀ ਚਹਿਲ ਪਹਿਲ ਸੀ ਪਰੰਤੂ ‘ਆਪ’, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਵੀ ਲੱਗੇ ਹੋਏ ਸਨ।

Advertisement

Advertisement