For the best experience, open
https://m.punjabitribuneonline.com
on your mobile browser.
Advertisement

ਖੇਤੀ ਮੰਤਰੀ ਦੇ ਵਿਦੇਸ਼ ਦੌਰੇ ਕਾਰਨ ਖੇਤ ਮਜ਼ਦੂਰਾਂ ਦਾ ਧਰਨਾ ਮੁਲਤਵੀ

07:04 AM Aug 22, 2024 IST
ਖੇਤੀ ਮੰਤਰੀ ਦੇ ਵਿਦੇਸ਼ ਦੌਰੇ ਕਾਰਨ ਖੇਤ ਮਜ਼ਦੂਰਾਂ ਦਾ ਧਰਨਾ ਮੁਲਤਵੀ
ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 21 ਅਗਸਤ
ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਕੈਨੇਡਾ ਦੌਰੇ ਕਾਰਨ ਖੇਤ ਮਜ਼ਦੂਰਾਂ ਵੱਲੋਂ ‘ਆਪ’ ਸਰਕਾਰ ਦੇ ਅਧੂਰੇ ਚੋਣ ਵਾਅਦਿਆਂ ਪ੍ਰਤੀ ਕੀਤੇ ਜਾਣ ਵਾਲੀ ਜਥੇਬੰਦਕ ਜਵਾਬਤਲਬੀ ਆਗਾਮੀ ਇੱਕ ਸਤੰਬਰ ’ਤੇ ਪੈ ਗਈ ਹੈ। ਪਹਿਲਾਂ ਤੋਂ ਐਲਾਨੇ ਹੋਏ ਧਰਨੇ ਤਹਿਤ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਖੇਤੀ ਮੰਤਰੀ ਦੇ ਘਰ ਅੱਗੇ ਧਰਨਾ ਲਗਾਇਆ। ਮੰਤਰੀ ਦੇ ਵਿਦੇਸ਼ ਗਏ ਹੋਣ ਕਾਨ ਅੱਜ ਖੇਤ ਮਜ਼ਦੂਰਾਂ ਨੇ ਧਰਨੇ ਨੂੰ ਇੱਕ ਦਿਨ ਵਿੱਚ ਮੁਲਤਵੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ, ਰੁਜ਼ਗਾਰ ਗਾਰੰਟੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਜਿਹੇ ਕਾਫੀ ਭਖਦੇ ਚੋਣ ਵਾਅਦੇ ਕਿਸਾਨਾਂ ਮਜ਼ਦੂਰਾਂ ਦੇ ਬਕਾਇਆ ਹਨ।
ਇਸ ਮੌਕੇ ਦੋ ਵੱਖ-ਵੱਖ ਮਤਿਆਂ ਤਹਿਤ ਨਿੱਜੀਕਰਨ ਨੀਤੀਆਂ ਵਿਰੁੱਧ ਸੰਘਰਸ਼ ਕਰਦੇ ਜਲ ਸਪਲਾਈ ਕਾਮੇ ਤੇ ਹੋਰਨਾਂ ਵਿਭਾਗਾਂ ਦੇ ਠੇਕਾ ਕਾਮਿਆਂ ਦੇ ਸੰਘਰਸ਼ ਅਤੇ ਕੋਲਕਾਤਾ ’ਚ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਸਬੰਧੀ ਸਿਹਤ ਕਾਮਿਆਂ ਦੇ ਘੋਲ ਦੀ ਹਮਾਇਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ ਵਿੱਚ ਆਈ ‘ਆਪ’ ਸਰਕਾਰ ਵੱਲੋਂ ਅੱਧਾ ਕਾਰਜਕਾਲ ਲੰਘਣ ਦੇ ਬਾਵਜੂਦ ਚੋਣ ਵਾਅਦੇ ਪੂਰੇ ਨਾ ਕਰਨਾ ਹਕੂਮਤ ਦੇ ਲੋਕ ਵਿਰੋਧੀ ਕਿਰਦਾਰ ਦਾ ਮੂੰਹ ਬੋਲਦਾ ਸਬੂਤ ਹੈ। ਸੇਵੇਵਾਲਾ ਨੇ ਐਲਾਨ ਕੀਤਾ ਕਿ ਖੇਤੀ ਮੰਤਰੀ ਦੀ ਵਿਦੇਸ਼ੋਂ ਵਾਪਸੀ ਮਗਰੋਂ 1 ਸਤੰਬਰ ਤੋਂ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ।
ਅੱਜ ਧਰਨੇ ਨੂੰ ਮਜ਼ਦੂਰ ਆਗੂ ਗੁਰਜੰਟ ਸਿੰਘ ਸਾਉਂਕੇ, ਸੇਵਕ ਸਿੰਘ ਮਹਿਮਾ ਸਰਜਾ, ਤਰਸੇਮ ਤੇ ਕਾਕਾ ਸਿੰਘ ਖੁੰਡੇ ਹਲਾਲ, ਮਨਦੀਪ ਸਿੰਘ ਸਿਧੀਆਂ, ਰਾਜਾ ਸਿੰਘ ਖੂਨਣ ਖ਼ੁਰਦ, ਗੁਰਪ੍ਰੀਤ ਕੌਰ ਦਿਉਣ ਤੇ ਤੀਰਥ ਸਿੰਘ ਕੋਠਾ ਗੁਰੂ ਤੋਂ ਇਲਾਵਾ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘੇਵਾਲਾ ਤੇ ਪੀਐੱਸਯੂ ਸ਼ਹੀਦ ਰੰਧਾਵਾ ਦੇ ਬਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ‘ਆਪ’ ਸਰਕਾਰ ’ਤੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਂ ਹੇਠ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਕਰਨ ਅਤੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਵਸੂਲਣ ਰਾਹੀਂ ਗਰੀਬ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਹੱਕ ਤੋਂ ਵਾਂਝੇ ਰੱਖਣ ਦੇ ਦੋਸ਼ ਲਗਾਏ। ਇਸ ਮੌਕੇ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ, ਬਾਜ਼ ਸਿੰਘ ਭੁੱਟੀਵਾਲਾ, ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਗੱਗੜ ਵੀ ਮੌਜੂਦ ਸਨ।

Advertisement

ਕਿਸਾਨਾਂ ਵੱਲੋਂ ਮਜ਼ਦੂਰਾਂ ਲਈ ਚਾਹ ਦਾ ਲੰਗਰ
ਭਾਕਿਯੂ ਏਕਤਾ ਉਗਰਾਹਾਂ ਬਲਾਕ ਲੰਬੀ ਵੱਲੋਂ ਅੱਜ ਖੇਤੀ ਮੰਤਰੀ ਖੁੱਡੀਆਂ ਦੇ ਘਰ ਅੱਗੇ ਖੇਤ ਮਜ਼ਦੂਰ ਧਰਨੇ ਵਿੱਚ ਪੁੱਜੇ ਸੈਂਕੜੇ ਮਜ਼ਦੂਰਾਂ ਨਾਲ਼ ਇੱਕਮੁੱਠਤਾ ਪ੍ਰਗਟਾਉਂਦਿਆਂ ਧਰਨਾਕਾਰੀਆਂ ਲਈ ਚਾਹ-ਪਾਣੀ ਦਾ ਲੰਗਰ ਲਗਾਇਆ ਗਿਆ।

Advertisement

Advertisement
Author Image

Advertisement