For the best experience, open
https://m.punjabitribuneonline.com
on your mobile browser.
Advertisement

ਗ਼ੈਰ-ਪੰਥਕ ਉਮੀਦਵਾਰਾਂ ਦੀ ਚਰਚਾ ਕਾਰਨ ਪੰਥਕ ਆਗੂਆਂ ਦੇ ਮੱਥੇ ਤਿਊੜੀਆਂ

08:46 AM Apr 12, 2024 IST
ਗ਼ੈਰ ਪੰਥਕ ਉਮੀਦਵਾਰਾਂ ਦੀ ਚਰਚਾ ਕਾਰਨ ਪੰਥਕ ਆਗੂਆਂ ਦੇ ਮੱਥੇ ਤਿਊੜੀਆਂ
ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ, ਕਵਿਤਾ ਖੰਨਾ, ਜੋਗਿੰਦਰ ਸਿੰਘ ਸਲਾਰੀਆ, ਸਵਰਨ ਸਲਾਰੀਆ
Advertisement

ਕੇ.ਪੀ ਸਿੰਘ
ਗੁਰਦਾਸਪੁਰ, 11 ਅਪਰੈਲ
ਭਾਜਪਾ ਨਾਲ ਗੱਠਜੋੜ ਸਿਰੇ ਨਾ ਚੜ੍ਹਨ ਕਾਰਨ ਸ਼੍ਰੋ੍ਮਣੀ ਅਕਾਲੀ ਦਲ ਆਪਣੇ ਬਲਬੂਤੇ ’ਤੇ ਚੋਣ ਲੜ ਰਿਹਾ ਹੈ। ਸੂਬੇ ਦੇ ਕੁੱਝ ਹੋਰ ਹਲਕਿਆਂ ਦੇ ਨਾਲ ਗੁਰਦਾਸਪੁਰ ਵਿੱਚ ਵੀ ਗ਼ੈਰ-ਪੰਥਕ ਚਿਹਰਿਆਂ ਨੂੰ ਚੋਣ ਲੜਾਉਣ ਦੀ ਚਰਚਾ ਹੈ ਉਸ ਨਾਲ ਪੁਰਾਣੇ ਪੰਥਕ ਨੇਤਾਵਾਂ ਅਤੇ ਸੀਨੀਅਰ ਵਰਕਰਾਂ ਵਿੱਚ ਬੇਚੈਨੀ ਅਤੇ ਰੋਸ ਹੈ। ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਦੇ ਵਿਧਾਇਕ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਭਾਜਪਾ ਦੀ ਟਿਕਟ ਦੀ ਦਾਅਵੇਦਾਰ ਸੀ, ਜੋ ਬੱਬੂ ਨੂੰ ਟਿਕਟ ਦਿੱਤੇ ਜਾਣ ਕਾਰਨ ਕਾਫ਼ੀ ਨਾਰਾਜ਼ ਹਨ। ਇਵੇਂ ਹੀ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸਵਰਨ ਸਲਾਰੀਆ ਵੀ ਇਸ ਹਲਕੇ ਤੋਂ ਚੋਣ ਲੜਨ ਲਈ ਬਜ਼ਿੱਦ ਹਨ। ਚਰਚਾ ਹੈ ਕਿ ਉਹ ਅਕਾਲੀ ਦਲ ਜਾਂ ਕਾਂਗਰਸ ਵੱਲੋਂ ਉਮੀਦਵਾਰ ਹੋ ਸਕਦੇ ਹਨ। ਕੁਝ ਦਿਨ ਪਹਿਲਾਂ ਤੱਕ ਅਕਾਲੀ ਦਲ ਵੱਲੋਂ ਜੋ ਨਾਮ ਚਰਚਾ ਵਿੱਚ ਸਨ, ਉਨ੍ਹਾਂ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਛੋਟੇਪੁਰ ਅਤੇ ਰਵੀਕਰਨ ਸਿੰਘ ਕਾਹਲੋਂ ਪ੍ਰਮੁੱਖ ਸਨ। ਪਰ ਬੀਤੇ ਕੁਝ ਦਿਨਾਂ ਤੋਂ ਜਿਹੜੇ ਹੋਰ ਨਾਮ ਉੱਭਰ ਕੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਕਵਿਤਾ ਖੰਨਾ, ਸਵਰਨ ਸਲਾਰੀਆ ਅਤੇ ਜੋਗਿੰਦਰ ਸਲਾਰੀਆ ਸ਼ਾਮਲ ਹਨ।
ਜੋਗਿੰਦਰ ਸਲਾਰੀਆ ਭੋਆ ਹਲਕੇ ਨਾਲ ਸਬੰਧਿਤ ਪਿੰਡ ਖ਼ਿਆਲਾ ਦੇ ਵਸਨੀਕ ਹਨ। ਬੀਤੀ 30 ਮਾਰਚ ਨੂੰ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਲਈ ਦੀਨਾਨਗਰ ਦੇ ਇੱਕ ਪੈਲੇਸ ਵਿੱਚ ਸਮਾਗਮ ਕੀਤਾ ਜਾਣਾ ਸੀ ਪਰ ਉਨ੍ਹਾਂ ਦੇ ਪਿਤਾ ਦਾ ਅਚਾਨਕ ਦੇਹਾਂਤ ਹੋਣ ਕਾਰਨ ਇਹ ਸਮਾਗਮ ਮੁਲਤਵੀ ਕਰ ਦਿੱਤਾ ਗਿਆ। ਇਸ ਸਭ ਦੇ ਚਲਦਿਆਂ ਪੁਰਾਣੇ ਪੰਥਕ ਨੇਤਾਵਾਂ ਵਿੱਚ ਡੂੰਘਾ ਰੋਸ ਹੈ। ਜਥੇਦਾਰ ਸੁੱਚਾ ਸਿੰਘ ਛੋਟੇਪੁਰ ਇਸ ਗੱਲ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਬੰਧੀ ਜੋ ਫ਼ੈਸਲਾ ਵੀ ਲੈਣਗੇ ਉਹ ਪਾਰਟੀ ਦੀ ਬਿਹਤਰੀ ਲਈ ਹੋਵੇਗਾ। ਸੀਨੀਅਰ ਅਕਾਲੀ ਨੇਤਾ ਨਰਿੰਦਰ ਸਿੰਘ ਵਾੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਹਰ ਵਿਧਾਨ ਸਭਾ ਹਲਕੇ ਤੋਂ ਰਿਪੋਰਟਾਂ ਲੈ ਰਹੇ ਹਨ ਅਤੇ ਸੋਚ ਵਿਚਾਰ ਮਗਰੋਂ ਹੀ ਟਿਕਟ ਦਿੱਤੀ ਜਾਵੇਗੀ। ਦੂਸਰੇ ਪਾਸੇ, ਇੱਕ ਸੀਨੀਅਰ ਅਕਾਲੀ ਨੇਤਾ ਨੇ ਕਿਹਾ ਜੇ ਪਾਰਟੀ ਕਿਸੇ ਗੈਰ-ਪੰਥਕ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਹ ਪਾਰਟੀ ਲਈ ਬੇਹੱਦ ਨੁਕਸਾਨਦੇਹ ਹੋਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×